ਪੱਤਰ ਪ੍ਰੇਰਕ
ਕੁਰਾਲੀ, 11 ਜਨਵਰੀ
ਇਤਿਹਾਸਕ ਪਿੰਡ ਬਿੰਦਰਖ ਦੇ ਗੁਰਦੁਆਰਾ ਧੰਨ ਧੰਨ ਬਾਬਾ ਅਮਰ ਨਾਥ ਜੀ ਦੇ ਅਸਥਾਨ ’ਤੇ 40 ਮੁਕਤਿਆਂ ਦੀ ਯਾਦ ਵਿੱਚ ਹੋਣ ਵਾਲਾ ਸਾਲਾਨਾ ਸਮਾਗਮ ਅੱਜ ਵਿਸ਼ਾਲ ਨਗਰ ਕੀਰਤਨ ਨਾਲ ਸ਼ੁਰੂ ਹੋਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਕੀਰਤ ਸਿੰਘ ਜਿੰਮੀ ਦੀ ਅਗਵਾਈ ਵਿੱਚ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਸਮਾਗਮਾਂ ਦੀ ਪ੍ਰਾਰੰਭਤਾ ਮੌਕੇ ਸਜ਼ਾਏ ਨਗਰ ਕੀਰਤਨ ਦੀ ਅਗਵਾਈ ਖਾਲਸਾਈ ਪੋਸ਼ਾਕ ਵਿੱਚ ਸਜੇ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਫਹਿਤਪੁਰ ਟੱਪਰੀਆਂ, ਮੀਆਂਪੁਰ ਚੰਗਰ, ਖਿਜ਼ਰਾਬਾਦ, ਹਰੀਪੁਰ ਆਦਿ ਪਿੰਡਾਂ ਵਿੱਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਪੁੱਜ ਕੇ ਸੰਪੰਨ ਹੋਇਆ। ਸਾਬਕਾ ਪ੍ਰਧਾਨ ਸੁਖਵੀਰ ਸਿੰਘ ਨੇ ਦੱਸਿਆ ਕਿ ਮਾਘੀ ਮੌਕੇ ਇਹ ਸਮਾਗਮ 12, 13 ਅਤੇ 14 ਜਨਵਰੀ ਨੂੰ ਹੋਵੇਗਾ। ਇਸ ਦੌਰਾਨ ਪ੍ਰਸਿੱਧ ਰਾਗੀ, ਢਾਡੀ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਦੌਰਾਨ ਧੰਨ ਧੰਨ ਬਾਬਾ ਅਮਰਨਾਥ ਤਾਲਮੇਲ ਕਮੇਟੀ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਪੱਪੀ, ਸੁਖਵਿੰਦਰ ਸਿੰਘ ਗਿੱਲ ਪ੍ਰਧਾਨ ਘਾੜ ਇਲਾਕਾ, ਸੱਜਣ ਸਿੰਘ ਹਰੀਪੁਰ, ਲੱਖਵੰਤ ਸਿੰਘ ਹਿਰਦਾਪੁਰ, ਬਹਾਦਰ ਸਿੰਘ ਸੁਖਜੀਤ ਸਿੰਘ,ਗੁਰਮੋਹਨ ਸਿੰਘ, ਗੁਰਭਜਨ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।