ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 24 ਫਰਵਰੀ
ਗੁਰੂ ਰਵਿਦਾਸ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਦੁਆਰਾ ਗੁਰੂ ਰਵਿਦਾਸ ਪਿੰਡ ਕੰਬਾਲਾ ਤੇ ਗਰਾਮ ਪੰਚਾਇਤ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਸਰਪੰਚ ਅਮਰੀਕ ਸਿੰਘ ਦੀ ਦੇਖ-ਰੇਖ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ ਤੇ ਪਿਛਲੇ ਵਾਹਨ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪ ਨੂੰ ਸੁਸ਼ੋਭਿਤ ਕੀਤਾ ਗਿਆ। ਇਸ ਦੌਰਾਨ ਫੇਜ਼-11 ’ਚ ਕੌਂਸਲਰ ਜਸਬੀਰ ਸਿੰਘ ਮਾਣਕੂ ਤੇ ਯੂਥ ਆਗੂ ਜਸਰਾਜ ਸਿੰਘ ਸੋਨੂ ਦੀ ਅਗਵਾਈ ਹੇਠ ਇਲਾਕੇ ਦੀ ਸੰਗਤ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ ਤੇ ਸਿਰੋਪਿਆਂ ਨਾਲ ਪੰਜ ਪਿਆਰਿਆਂ ਦਾ ਸਨਮਾਨ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਬਾਬਾ ਸੁਰਜਣ ਸਿੰਘ, ਗਿਆਨੀ ਸੁਰਜੀਤ ਸਿੰਘ, ਪੰਚ ਰਵਿੰਦਰ ਕੌਰ ਤੇ ਹਰਦੀਪ ਸਿੰਘ, ਹਰਜੀਤ ਸਿੰਘ ਸਾਬਕਾ ਪੰਚ, ਅਜਾਇਬ ਸਿੰਘ, ਭਰਪੂਰ ਸਿੰਘ, ਸੀਮਾ ਪੁਰੀ, ਜਯੋਤੀ, ਸਨੀ ਸਿੰਘ, ਅਮਰੀਕ ਸਿੰਘ, ਸਤਿੰਦਰ ਕੌਰ ਹਾਜ਼ਰ ਸਨ। ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਅਰਦਾਸ ਮਗਰੋਂ ਪਿੰਡ ਕੰਬਾਲਾ ਤੋਂ ਸ਼ੁਰੂ ਹੋਏ ਇਸ ਨਗਰ ਕੀਰਤਨ ਦਾ ਰਾਹ ਵਿੱਚ ਥਾਂ-ਥਾਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸ਼ਾਮ ਨੂੰ ਇਹ ਨਗਰ ਕੀਰਤਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਪਹੁੰਚ ਕੇ ਸੰਪੂਰਨ ਹੋਇਆ। ਜਿੱਥੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਰਾਜਿੰਦਰ ਸਿੰਘ ਟਿਵਾਣਾ ਤੇ ਪ੍ਰਚਾਰਕ ਰਾਜਪਾਲ ਸਿੰਘ ਅਤੇ ਹੋਰਨਾਂ ਸੇਵਾਦਾਰਾਂ ਨੇ ਸ਼ਾਨਦਾਰ ਢੰਗ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ 25 ਫਰਵਰੀ ਨੂੰ ਸਵੇਰੇ ਪ੍ਰਕਾਸ਼ ਉਤਸ਼ਵ ਦੀ ਖ਼ੁਸ਼ੀ ਵਿੱਚ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 27 ਫਰਵਰੀ ਨੂੰ ਭੋਗ ਪਾਏ ਜਾਣਗੇ। ਇਸ ਮਗਰੋਂ ਗੁਰਬਾਣੀ ਕੀਰਤਨ ਹੋਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਪ੍ਰਕਾਸ਼ ਪੁਰਬ: ਜੋੜ ਮੇਲ ਦੇ ਦੂਜੇ ਦਿਨ ਖੂਨਦਾਨ ਕੈਂਪ
ਸ਼੍ਰੋਮਣੀ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਚ ਗੁਰੂ ਹਰਿ ਰਾਇ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲ ਤੇ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੱਖ-ਵੱਖ ਕਥਾ ਵਾਚਕਾਂ, ਪ੍ਰਚਾਰਕਾਂ, ਢਾਡੀ ਅਤੇ ਰਾਗੀ ਜਥਿਆਂ ਨੇ ਸੰਗਤ ਨੂੰ ਕਥਾ, ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਦੌਰਾਨ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਸੰਤ ਮਹਿੰਦਰ ਸਿੰਘ ਲੰਬਿਆਂ ਵਾਲੇ ਤੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਰਾਜਿੰਦਰ ਸਿੰਘ ਟਿਵਾਣਾ ਨੇ ਕੀਤਾ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਅਤੇ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਆ। ਕੈਂਪ ਵਿੱਚ ਸਰਕਾਰੀ ਮੈਡੀਕਲ ਤੇ ਜਨਰਲ ਹਸਪਤਾਲ ਸੈਕਟਰ-16 ਬਲੱਡ ਬੈਂਕ ਦੀ ਟੀਮ ਨੇ ਖੂਨ ਇਕੱਤਰ ਕੀਤਾ। ਪ੍ਰਬੰਧਕਾਂ ਨੇ ਇਸ ਮੌਕੇ ਪੌਦੇ ਵੰਡੇ। ਸਿੱਖਿਆ ਬੋਰਡ ਦੇ ਮੁਲਾਜ਼ਮਾਂ ਤੇ ਡੇਲੀਵੇਜ਼ ਕਰਮਚਾਰੀਆਂ ਨੇ ਗੰਨੇ ਦੇ ਰਸ ਦੀ ਛਬੀਲ ਲਗਾਈ ਤੇ ਇਕ ਹੋਰ ਸੰਸਥਾ ਨੇ ਵੀ ਵੱਖਰੇ ਤੌਰ ’ਤੇ ਖੂਨਦਾਨ ਕੈਂਪ ਲਗਾਇਆ ਗਿਆ।