ਪੱਤਰ ਪ੍ਰੇਰਕ
ਪੰਚਕੂਲਾ, 3 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਪੰਚਕੂਲਾ ਦੌਰੇ ਦੇ ਦੂਜੇ ਦਿਨ ਅੱਜ ਮਾਤਾ ਮਨਸਾ ਦੇਵੀ ਮੰਦਰ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨੇ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਪੀਡਬਲਿਊਡੀ ਪੰਚਕੂਲਾ ਦੇ ਗੈਸਟ ਹਾਊਸ ਵਿੱਚ ਪਹੁੰਚ ਕੇ ਸ੍ਰੀ ਨੱਢਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਭਾਜਪਾ ਤੇ ਜਜਪਾ ਦੇ ਗੱਠਜੋੜ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ ਗਈ। ਜਜਪਾ ਪਾਰਟੀ ਵੱਲੋਂ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਜਜਪਾ ਦੇ ਜਨਰਲ ਸਕੱਤਰ ਦਿਗਵਿਜੈ ਚੌਟਾਲਾ, ਸੂਬਾਈ ਪ੍ਰਧਾਨ ਨਿਸ਼ਾਨ ਸਿੰਘ ਅਤੇ ਸੀਨੀਅਰ ਆਗੂ ਕੇ.ਸੀ. ਬਾਂਗੜ ਤੇ ਹੋਰ ਕਈ ਆਗੂ ਮੌਜੂਦ ਸਨ।
ਭਾਜਪਾ ਤੇ ਜਜਪਾ ਗੱਠਜੋੜ ਨੂੰ ਲੈ ਕੇ ਹੋਈ ਇਸ ਬੈਠਕ ਵਿੱਚ ਭਾਜਪਾ ਵੱਲੋਂ ਸੂਬਾਈ ਪ੍ਰਧਾਨ ਓ.ਪੀ. ਧਨਖੜ, ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ, ਖੇਤੀਬਾੜੀ ਮੰਤਰੀ ਜੇ.ਪੀ. ਦਲਾਲ ਅਤੇ ਸਿੱਖਿਆ ਮੰਤਰੀ ਕੰਵਰਪਾਲ ਵੀ ਸ਼ਾਮਲ ਸਨ। ਇਸ ਮੀਟਿੰਗ ਵਿੱਚ ਭਾਜਪਾ ਤੇ ਜਜਪਾ ਗੱਠਜੋੜ ਬਾਰੇ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ।