ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 9 ਅਕਤੂਬਰ
ਪਿੰਡ ਮਾਜਰਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕਬਾੜ ਖਰੀਦਣ ਵਾਲੇ ਪਰਵਾਸੀ ਵਿਅਕਤੀ ਦੀ ਅੱਜ ਹੱਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜੈ ਪ੍ਰਕਾਸ਼ (45) ਵਾਸੀ ਬਿਹਾਰ ਹਾਲ ਵਾਸੀ ਪਿੰਡ ਮਾਜਰਾ ਪਿਛਲੇ ਕੁੱਝ ਸਮੇਂ ਤੋਂ ਕਬਾੜ ਦਾ ਸਾਮਾਨ ਖਰੀਦਣ ਤੇ ਵੇਚਣ ਦਾ ਕਾਰੋਬਾਰ ਕਰਦਾ ਸੀ। ਦੁਪਹਿਰ ਸਮੇਂ ਕੁਝ ਅਣਪਛਾਤੇ ਵਿਅਕਤੀ ਉਸ ਦੀ ਦੁਕਾਨ ਉੱਤੇ ਆਏ ਅਤੇ ਹਥਿਆਰ ਨਾਲ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜੈ ਪ੍ਰਕਾਸ਼ ਦੇ ਸਾਥੀਆਂ ਨੂੰ ਖਬਰ ਮਿਲੀ ਤਾਂ ਉਨ੍ਹਾਂ ਵੇਖਿਆ ਕਿ ਜੈ ਪ੍ਰਕਾਸ਼ ਬੇਸੁੱਧ ਪਿਆ ਸੀ। ਉਸ ਨੂੰ ਇਲਾਜ ਲਈ ਪੀਜੀਆਈ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਥਾਣਾ ਮੁੱਲਾਂਪੁਰ ਗਰੀਬਦਾਸ ਦੇ ਮੁਖੀ ਸਤਿੰਦਰ ਸਿੰਘ ਤੇ ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਹੈ ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਸੌਂਡਾ ਪਿੰਡ ਦੇ ਸੁਨੀਲ ਕੁਮਾਰ ਨੇ ਸੈਕਟਰ-9 ਥਾਣੇ ਵਿੱਚ ਦੋ ਜਣਿਆਂ ਦੇ ਖ਼ਿਲਾਫ਼ ਉਸ ਦੇ ਪਿਤਾ ਰਾਜੇਸ਼ ਕੁਮਾਰ (50) ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰਾਇਆ ਹੈ। ਉਸ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਪਿਤਾ ਨਸੀਰਪੁਰ ਵਿੱਚ ਗੈਸ ਸਿਲੰਡਰ ਫ਼ੈਕਟਰੀ ਵਿਚ ਸਟੋਰ ਇੰਚਾਰਜ ਸੀ ਅਤੇ 7 ਅਕਤੂਬਰ ਨੂੰ ਉਸ ਨੇ ਚੂਹੇ ਮਾਰਨ ਵਾਲੀ ਦਵਾਈ ਖਾ ਲਈ ਤੇ ਉਨ੍ਹਾਂ ਦੀ ਮੌਤ ਹੋ ਗਈ। ਪਿਤਾ ਨੇ ਖ਼ੁਦਕੁਸ਼ੀ ਨੋਟ ਵਿਚ ਦੋ ਜਣਿਆਂ ਮਨੀਸ਼ ਕੁਮਾਰ ਪਰਜਾਪਤੀ ਵਾਸੀ ਦੁਰਗਾ ਨਗਰ ਅਤੇ ਮਨੀ ਕੁਮਾਰ ਉਰਫ਼ ਲੰਬੂ ਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ। ਇਸ ਖ਼ੁਦਕੁਸ਼ੀ ਨੋਟ ਦੇ ਆਧਾਰ ’ਤੇ ਪੁਲੀਸ ਨੇ ਮਨੀਸ਼ ਕੁਮਾਰ ਪਰਜਾਪਤੀ ਅਤੇ ਮਨੀ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਕਾਰ ਹੇਠ ਆਉਣ ਕਾਰਨ ਨੌਜਵਾਨ ਹਲਾਕ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਨੇੜਲੇ ਕਸਬੇ ਮਨੀਮਾਜਰਾ ਵਿੱਚ ਲੰਘੀ ਰਾਤ ਕਾਰ ਹੇਠਾਂ ਆਉਣ ਕਾਰਨ 23 ਸਾਲਾਂ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਮ ਸਰੂਪ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਨੀਮਾਜਰਾ ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨੀਮਾਜਰਾ ਦਾ ਰਹਿਣ ਵਾਲਾ ਸੌਰਭ ਗੁਪਤਾ ਮਾਰਕੀਟ ’ਚ ਕਾਰ ਰਿਵਰਸ ਕਰ ਰਿਹਾ ਸੀ। ਇਸੇ ਦੌਰਾਨ ਰਾਮ ਸਰੂਪ ਕਾਰ ਹੇਠਾਂ ਆ ਗਿਆ। ਉਹ ਮਜ਼ਦੂਰੀ ਕਰਦਾ ਸੀ। ਥਾਣਾ ਮਨੀਮਾਜਰਾ ਦੀ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।