ਸ਼ਸ਼ੀ ਪਾਲ ਜੈਨ
ਖਰੜ 1 ਮਈ
ਖਰੜ ਦੀ ਗਿਲਕੋ ਵੈਲੀ ਵਿੱਚ ਰਹਿ ਰਹੇ ਪਤੀ-ਪਤਨੀ ਦਾ ਚਾਰ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਬਬਲੂ (40) ਅਤੇ ਉਸ ਦੀ ਪਤਨੀ ਮਨਸੂਰਾ ਬੇਬੀ (26) ਵਜੋਂ ਹੋਈ ਹੈ। ਉਹ ਮੂਲ ਰੂਪ ਤੋਂ ਪੱਛਮੀ ਬੰਗਾਲ ਦੇ ਰਹਿਣ ਵਾਲੇ ਸਨ ਅਤੇ ਇੱਥੇ ਮਜ਼ਦੂਰੀ ਕਰਦੇ ਸਨ।
ਖਰੜ ਦੇ ਡੀਐੱਸਪੀ ਅਨੁਸਾਰ ਪੁਲੀਸ ਨੇ ਗੁਆਂਢ ’ਚ ਰਹਿੰਦੀ ਚਾਂਦਨੀ ਨਾਂ ਦੀ ਔਰਤ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਚਾਂਦਨੀ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਰਾਤ 9.15 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਚਾਰ ਵਿਅਕਤੀ ਆਏ ਸਨ। ਮੁਲਜ਼ਮਾਂ ਦੇ ਨਾਂ ਚਰਨਜੀਤ ਸਿੰਘ ਉਰਫ ਮੋਨੂੰ, ਸਿਮਰਨਜੀਤ ਸਿੰਘ ਉਰਫ ਲੱਕੀ, ਮਨਦੀਪ ਸਿੰਘ ਉਰਫ ਅਮਨ ਅਤੇ ਇਕ ਲੜਕੀ ਖੁਸ਼ੀ ਉੱਥੇ ਆਏ। ਉਹ ਬਬਲੂ ਅਤੇ ਉਸ ਦੀ ਪਤਨੀ ਤੋਂ ਆਪਣਾ ਮੋਬਾਈਲ ਅਤੇ ਹੋਰ ਸਾਮਾਨ ਮੰਗ ਰਹੇ ਸਨ। ਪਤੀ-ਪਤਨੀ ਨੇ ਇਹ ਸਾਮਾਨ ਉਨ੍ਹਾਂ ਨੂੰ ਦੇ ਦਿੱਤਾ ਪਰ ਉਹ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਦਾ ਕੁਝ ਸਾਮਾਨ ਗਾਇਬ ਹੈ। ਇਸ ਦੌਰਾਨ ਉਨ੍ਹਾਂ ਵਿਚਾਲੇ ਤਕਰਾਰ ਹੋ ਗਈ।
ਮੁਲਜ਼ਮਾਂ ਨੇ ਪਤੀ-ਪਤਨੀ ’ਤੇ ਚਾਕੂਆਂ ਅਤੇ ਡੰਡਿਆਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਬਾਅਦ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ। ਪੁਲੀਸ ਨੇ ਚਾਰੋਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਜਾਪਦਾ ਹੈ ਕਿ ਇਹ ਕਤਲ ਲੈਣ-ਦੇਣ ਦੇ ਝਗੜੇ ਜਾਂ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ।