ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਦਸੰਬਰ
ਨਜ਼ਦੀਕੀ ਪਿੰਡ ਕੰਬਾਲਾ ਵਿੱਚ ਬੁੱਧਵਾਰ ਦੇਰ ਰਾਤ ਤਾਏ ਦੇ ਪੁੱਤ ਨੇ ਆਪਣੇ ਚਚੇਰੇ ਭਰਾ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ (32) ਵਜੋਂ ਹੋਈ ਹੈ। ਪੁਲੀਸ ਨੇ ਹਮਲਾਵਰ ਲਖਵਿੰਦਰ ਸਿੰਘ ਲੱਖੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਬੀਤੀ ਦੇਰ ਸ਼ਾਮ ਸੋਹਾਣਾ ਪੁਲੀਸ ਨੇ ਪਿੰਡ ਨਾਨੂਮਾਜਰਾ-ਸੰਭਾਲਕੀ ਨੇੜਿਓ ਕੈਬ ਚਾਲਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ। ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਜਾਪਦਾ ਹੈ।
ਪਹਿਲੀ ਘਟਨਾ ਦੇ ਵੇਰਵੇ ਅਨੁਸਾਰ ਅੱਜ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਦੇ ਪੁੱਤਰ ਦਾ ਵਿਆਹ ਸੀ ਅਤੇ ਬੁੱਧਵਾਰ ਨੂੰ ਮੇਲ ਵਾਲੇ ਦਿਨ ਉਨ੍ਹਾਂ ਦੇ ਘਰ ਪਾਰਟੀ ਸੀ। ਵਿਆਹ ਦੀ ਖ਼ੁਸ਼ੀ ਵਿੱਚ ਰਿਸ਼ਤੇਦਾਰ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਦੋਵੇਂ ਚਚੇਰੇ ਭਰਾਵਾਂ ਗੁਰਵਿੰਦਰ ਅਤੇ ਲੱਖੀ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਝਗੜੇ ਤੋਂ ਬਾਅਦ ਲੱਖੀ ਆਪਣੇ ਘਰ ਆ ਗਿਆ ਤੇ ਗੁਰਵਿੰਦਰ ਹਾਲੇ ਪਿੱਛੇ ਆ ਰਿਹਾ ਸੀ। ਇਸ ਦੌਰਾਨ ਜਿਵੇਂ ਹੀ ਗੁਰਵਿੰਦਰ, ਲੱਖੀ ਦੇ ਘਰ ਕੋਲੋਂ ਲੰਘਣ ਲੱਗਾ ਤਾਂ ਉੱਥੇ ਲੱਖੀ ਪਹਿਲਾਂ ਹੀ ਕੁਹਾੜੀ ਲਈ ਖੜ੍ਹਾ ਸੀ ਅਤੇ ਉਸ ਨੇ ਆਪਣੇ ਚਚੇਰੇ ਭਰਾ ਗੁਰਵਿੰਦਰ ਨੂੰ ਰਸਤੇ ਵਿੱਚ ਘੇਰ ਕੇ ਉਸ ਦੀ ਗਰਦਨ ’ਤੇ ਕੁਹਾੜੀ ਨਾਲ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਗੁਰਵਿੰਦਰ ਸਿੰਘ ਦਾ ਸਿਰ ਧੜ ਨਾਲੋਂ ਵੱਖਰਾ ਹੋ ਗਿਆ। ਦੇਰ ਰਾਤ ਉਸ ਨੂੰ ਸੋਹਾਣਾ ਹਸਪਤਾਲ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੋਹਾਣਾ ਥਾਣਾ ਦੇ ਐੱਸਐੱਚਓ ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਚਾਕੂਆਂ ਦੇ ਵਾਰ ਕਾਰਨ ਨੌਜਵਾਨ ਦੀ ਮੌਤ
ਪੰਚਕੂਲਾ (ਪੀ.ਪੀ. ਵਰਮਾ): ਇਥੋਂ ਦੀ ਰਾਜੀਵ ਕਲੋਨੀ ਦੇ ਵਾਸੀ 22 ਸਾਲਾਂ ਦੇ ਨੌਜਵਾਨ ਸਾਗਰ ਦੀ ਕੁਝ ਨੌਜਵਾਨਾਂ ਨੇ ਅੱਜ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਹੈ। ਉਸ ਦੇ ਸਰੀਰ ’ਤੇ ਚਾਕੂਆਂ ਨਾਲ ਕਈ ਵਾਰ ਕੀਤੇ ਗਏ। ਉਸ ਦੇ ਭਰਾ ਅਕਾਸ਼ ਨੇ ਦੱਸਿਆ ਕਿ ਸਾਗਰ ਨੂੰ ਪਹਿਲਾਂ ਵੀ ਦੋ-ਤਿੰਨ ਵਾਰ ਧਮਕੀਆਂ ਮਿਲ ਚੁੱਕੀਆਂ ਸਨ। ਦੀਵਾਲੀ ਵਾਲੇ ਦਿਨ ਅਤੇ ਕਰਵਾਚੌਥ ਵਾਲੇ ਦਿਨ ਪੁਲੀਸ ਨੂੰ ਇਨ੍ਹਾਂ ਧਮਕੀਆਂ ਬਾਰੇ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਪਰ ਠੋਸ ਕਾਰਵਾਈ ਨਹੀਂ ਕੀਤੀ ਗਈ। ਇਹ ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਸਾਗਰ ਆਪਣੇ ਕੰਮ ਤੋਂ ਵਾਪਸ ਘਰ ਆ ਰਿਹਾ ਸੀ। ਸੈਕਟਰ-14 ਦੇ ਐੱਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਘਟਨਾ ਬਾਰੇ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਮਲਾ ਕਰਨ ਵਾਲੇ ਚਾਰ ਨੌਜਵਾਨ ਦੱਸੇ ਗਏ ਹਨ।
ਕੈਬ ਚਾਲਕ ਦੀ ਹੱਤਿਆ ਬਾਰੇ ਨਹੀਂ ਮਿਲਿਆ ਸੁਰਾਗ
ਕੈਬ ਚਾਲਕ ਜਸਪ੍ਰੀਤ ਸਿੰਘ (31) ਵਾਸੀ ਇੰਦਰਾ ਕਲੋਨੀ, ਮਨੀਮਾਜਰਾ ਦੇ ਕਤਲ ਮਾਮਲੇ ਵਿੱਚ ਸੋਹਾਣਾ ਪੁਲੀਸ ਨੂੰ ਅੱਜ ਦੂਜੇ ਦਿਨ ਵੀ ਕੋਈ ਠੋਸ ਸੁਰਾਗ ਨਹੀਂ ਮਿਲਿਆ। ਬੀਤੇ ਦਿਨੀਂ ਪੁਲੀਸ ਨੇ ਪਿੰਡ ਨਾਨੂਮਾਜਰਾ-ਸੰਭਾਲਕੀ ਨੇੜਿਓ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਉਸ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਜਸਪ੍ਰੀਤ ਸਿੰਘ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਹਥਿਆਰ ਦੀ ਨੋਕ ’ਤੇ ਸਰਾਫ਼ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲੀਸ ਨੂੰ ਕਿਸੇ ਰਾਹਗੀਰ ਨੇ ਇਸ ਕਤਲ ਬਾਰੇ ਸੂਚਨਾ ਦਿੱਤੀ ਸੀ। ਪੁਲੀਸ ਨੇ ਮੌਕੇ ਤੋਂ ਚਿੱਟੇ ਰੰਗ ਦੀ ਕਾਰ ਵੀ ਬਰਾਮਦ ਕੀਤੀ ਹੈ, ਜੋ ਜਸਪ੍ਰੀਤ ਦੀ ਮਾਂ ਦੇ ਨਾਮ ’ਤੇ ਰਜਿਸਟਰਡ ਹੈ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਚੈੱਕ ਕੀਤੀਆਂ ਜਾ ਰਹੀਆਂ ਹਨ।