ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਨਵੰਬਰ
ਇੱਥੋਂ ਦੇ ਸੈਕਟਰ 32 ਵਿੱਚ ਮੋਟਰਸਾਈਕਲ ਦੇ ਬਕਾਇਆ 2 ਹਜ਼ਾਰ ਰੁਪਏ ਦੀ ਮੰਗਣ ’ਤੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ 18 ਸਾਲਾ ਨਿਖਿਲ ਵਾਸੀ ਸੈਕਟਰ 32 ਸੀ ਵਜੋਂ ਹੋਈ ਹੈ। ਸੈਕਟਰ 34 ਦੀ ਪੁਲੀਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਹਮਲਾਵਰ ਪਿਉ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਨਿਲ ਕੁਮਾਰ ਅਤੇ ਉਸ ਦੇ ਪੁੱਤ ਅਭੈ ਵਾਸੀਆਨ ਸੈਕਟਰ 32 ਸੀ ਵਜੋਂ ਹੋਈ ਹੈ। ਇਹ ਕੇਸ ਮ੍ਰਿਤਕ ਦੇ ਪਿਤਾ ਅਨਿਲ ਕੁਮਾਰ ਦ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਨੇ ਆਪਣਾ ਮੋਟਰਸਾਈਕਲ,ਅਭੈ ਨੂੰ 8 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਸੀ ਜਿਸ ਦੇ ਬਦਲੇ ਉਸ ਨੇ 6 ਹਜ਼ਾਰ ਰੁਪਏ ਦੇ ਦਿੱਤੇ ਅਤੇ ਬਾਕੀ ਦੋ ਹਜ਼ਾਰ ਰੁਪਏ ਮੋਟਰਸਾਈਕਲ ਟਰਾਂਸਫਰ ਹੋਣ ’ਤੇ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਕਈ ਵਾਰ ਦੋ ਹਜ਼ਾਰ ਰੁਪਏ ਵਾਪਸ ਮੰਗੇ ਪਰ ਉਸ ਨੇ ਪੈਸੇ ਨਹੀਂ ਦਿੱਤੇ।
ਮੁਲਜ਼ਮਾਂ ਨੇ ਐਤਵਾਰ ਰਾਤ ਨੂੰ ਨਿਖਿਲ ਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਨਿਖਿਲ ਨੂੰ ਜ਼ਖ਼ਮੀ ਹਾਲਤ ਵਿੱਚ ਸੈਕਟਰ 32 ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਨਿਖਿਲ ’ਤੇ ਹੋਏ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ। ਸੈਕਟਰ 34 ਦੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਅਨਿਲ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਅਨਿਲ ਕੁਮਾਰ ਅਤੇ ਅਭੈ ਨੂੰ ਗ੍ਰਿਫ਼ਤਾਰ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਵੀ ਰੁਪਏ ਦੇ ਲੈਣ-ਦੇਣ ਕਾਰਨ ਇੰਡਸਟਰੀਅਲ ਏਰੀਆ ਫੇਜ਼ ਇਕ ’ਚ ਜਸਪ੍ਰੀਤ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ।