ਸ਼ਸ਼ੀਪਾਲ ਜੈਨ
ਖਰੜ, 10 ਮਾਰਚ
ਖਰੜ-ਕੁਰਾਲੀ ਸੜਕ ਉੱਤੇ ਸਥਿਤ ਪਿੰਡ ਦਾਊਮਾਜਰਾ ਵਿੱਚ ਬੀਤੀ ਰਾਤ ਪੈਸੇ ਦੇ ਲੈਣ-ਦੇਣ ਸਬੰਧੀ ਲੜਾਈ ਵਿੱਚ ਪਿੰਡ ਲਲਹੇੜੀ (ਖੰਨਾ) ਦੇ ਰਹਿਣ ਵਾਲੇ ਅਵਤਾਰ ਸਿੰਘ ਨਾਂ ਦੇ ਵਿਅਕਤੀ ਦਾ ਕਤਲ ਹੋ ਗਿਆ। ਸਦਰ ਪੁਲੀਸ ਨੇ ਇਸ ਸਬੰਧੀ ਗੋਲਾ, ਮਨੀ ਵਾਸੀ ਪਿੰਡ ਦਾਊਮਾਜਰਾ, ਜਸਪ੍ਰੀਤ ਸਿੰਘ ਅਤੇ ਹਰਮਨ ਸਿੰਘ ਵਾਸੀ ਬਰਸਾਲਪੁਰ ਨੇੜੇ ਚਮਕੌਰ ਸਾਹਿਬ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਪਰਮਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਗੋਬਿੰਦਗੜ੍ਹ ਵਿੱਚ ਇੱਕ ਮਿਲ ਵਿੱਚ ਕੰਮ ਕਰਦਾ ਹੈ ਅਤੇ ਉਸ ਦੀ ਜਾਣ-ਪਛਾਣ ਗੁਰਿੰਦਰ ਸਿੰਘ ਉਰਫ਼ ਰੋਡਾ ਜੋ ਪ੍ਰਾਪਰਟੀ ਦਾ ਕੰਮ ਕਰਦਾ ਹੈ, ਨਾਲ 2015 ਤੋਂ ਹੋ ਗਈ ਸੀ। ਕੱਲ੍ਹ ਉਹ ਰੋਡੇ ਦੇ ਬੁਲਾਉਣ ’ਤੇ ਉਸ ਦੇ ਘਰ ਆ ਗਿਆ ਜਿਥੇ ਅਵਤਾਰ ਸਿੰਘ ਉਰਫ਼ ਰਾਜੀ, ਸਿਮਰਨ ਵਾਸੀ ਲਲਿਤੋ, ਸਲਮਾਨ ਵਾਸੀ ਖੇੜੀ ਅਤੇ ਬੇਅੰਤ ਸਿੰਘ ਵਾਸੀ ਉਧਲਪੁਰ ਪਹਿਲਾਂ ਹੀ ਆਏ ਹੋਏ ਸਨ। ਉਸ ਸਮੇਂ ਗੁਰਿੰਦਰ ਸਿੰਘ ਉਰਫ਼ ਰੋਡਾ ਨੇ ਮਨੀ ਅਤੇ ਗੋਲਾ ਵਾਸੀ ਦਾਊਮਾਜਰਾ ਨੂੰ ਫੋਨ ਕੀਤਾ ਤੇ ਪੈਸਿਆਂ ਸਬੰਧੀ ਗੱਲਬਾਤ ਕੀਤੀ ਅਤੇ ਉਨ੍ਹਾਂ ਵਿੱਚ ਬਹਿਸ ਹੋ ਗਈ ਫਿਰ ਉਹ ਸਾਰੇ ਦਾਊਮਾਜਰਾ ਆ ਗਏ। ਜਦੋਂ ਉਹ ਪਸ਼ੂ ਮੰਡੀ ਦਾਊਮਾਜਰਾ ਵੱਲੋਂ ਮਨੀ ਅਤੇ ਗੋਲੇ ਦੇ ਦਫਤਰ ਜਾਣ ਲੱਗੇ ਤਾਂ ਅੱਗੇ ਗੱਡੀਆਂ ਖੜੀਆਂ ਸਨ। ਉੱਥੇ ਉਨ੍ਹਾਂ ਕੋਲ ਕਿਰਪਾਨਾਂ ਸਨ ਅਤੇ 10-12 ਵਿਅਕਤੀ ਹੋਰ ਵੀ ਸਨ। ਇਸੇ ਦੌਰਾਨ ਉਨ੍ਹਾਂ ਨੇ ਸ਼ਿਕਾਇਤਕਰਤਾਵਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਅਵਤਾਰ ਸਿੰਘ ਰਾਜੀ ਅਤੇ ਗੁਰਿੰਦਰ ਸਿੰਘ ਰੋਡੇ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਰਾਜੀ ਸੱਟਾਂ ਲੱਗਣ ਨਾਲ ਖੂਨ ਨਾਲ ਲਥਪਥ ਸੀ। ਜਦੋੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਿਆ।