ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਅਗਸਤ
ਸੈਕਟਰ-22 ਵਿੱਚ ਲੰਘੇ ਦਿਨ ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਪੀੜਤ ਪਰਿਵਾਰ ਨੇ ਥਾਣਾ ਸੈਕਟਰ-17 ਵਿੱਚ ਨਾਅਰੇਬਾਜ਼ੀ ਕੀਤੀ। ਪੀੜਤ ਪਰਿਵਾਰ ਨੇ ਪੁਲੀਸ ਦੀ ਕਾਰਵਾਈ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਰਾਮ ਦਰਬਾਰ ਵਿੱਚ ਰਹਿਣ ਵਾਲੇ ਮੁੱਖ ਮੁਲਜ਼ਮ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਇਸ ਮੌਕੇ ਚੰਡੀਗੜ੍ਹ ਪੁਲੀਸ ਨੇ ਪੀੜਤ ਪਰਿਵਾਰ ਨੂੰ ਦੋ ਹੋਰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰਨ ਦਾ ਭਰੋਸਾ ਦਿੱਤਾ।
ਪੀੜਤਾਂ ਨੇ ਦੋਸ਼ ਲਗਾਇਆ ਕਿ ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸਾਗਰ ਦੀ ਹੱਤਿਆ ਦੇ ਮਾਮਲੇ ਵਿੱਚ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਕਿ ਮੁੱਖ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉੱਦੋਂ ਤੱਕ ਸਾਗਰ ਦੀ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ ਪੁਲੀਸ ਨੇ ਪੀੜਤ ਪਰਿਵਾਰ ਨੂੰ ਸਮਝਾ ਕੇ ਘਰ ਭੇਜ ਦਿੱਤਾ। ਇਸੇ ਦੌਰਾਨ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਸੈਕਟਰ-16 ਹਸਪਤਾਲ ਵਿੱਚ ਹੋਇਆ। ਪੁਲੀਸ ਨੇ ਸਾਗਰ ਦੀ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।
ਗੌਰਤਲਬ ਹੈ ਕਿ ਐਤਵਾਰ ਸਵੇਰੇ ਸੈਕਟਰ-22 ਵਿੱਚ ਸੜਕ ’ਤੇ ਰਾਹ ਦੇਣ ਸਬੰਧੀ ਦੋ ਧੜਿਆਂ ਵਿੱਚ ਝਗੜਾ ਹੋ ਗਿਆ ਸੀ, ਜਿਸ ਦੌਰਾਨ ਗਲਤ ਪਾਸੇ ਤੋਂ ਆ ਰਹੇ ਕਾਰ ਸਵਾਰਾਂ ਨੇ ਸਾਗਰ ਵਾਸੀ ਰਾਮ ਦਰਬਾਰ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਬਚਾਉਣ ਆਏ ਦੋ ਹੋਰਨਾਂ ਸਾਥੀ ਨਿਤੀਸ਼ ਅਤੇ ਵਿਸ਼ਾਲ ’ਤੇ ਵੀ ਹਮਲਾ ਕੀਤਾ।