ਮੁੱਖ ਅੰਸ਼
- 52 ਪੋਲਿੰਗ ਸਟੇਸ਼ਨ ਅਤੇ 220 ਪੋਲਿੰਗ ਬੂਥ ਸੰਵੇਦਨਸ਼ੀਲ ਕਰਾਰ
- ਚੋਣ ਕਮਿਸ਼ਨ ਹੀ ਮੁਹੱਈਆ ਕਰਵਾਵੇਗਾ ਮਾਸਕ ਤੇ ਦਸਤਾਨਾ
ਆਤਿਸ਼ ਗੁਪਤਾ
ਚੰਡੀਗੜ੍ਹ, 22 ਦਸੰਬਰ
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਵਾਰ ਚੋਣ ਕਮਿਸ਼ਨ ਕਰੋਨਾ ਨੇਮਾਂ ਕਰਕੇ ਕਾਫੀ ਸਖਤੀ ਵਰਤ ਰਿਹਾ ਹੈ। ਵੋਟ ਪਾਉਣ ਸਮੇਂ ਵੋਟਰਾਂ ਨੂੰ ਮਾਸਕ ਅਤੇ ਦਸਤਾਨੇ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਗਈ ਹੈ। ਮਾਸਕ ਤੇ ਦਸਤਾਨਾ ਵੀ ਚੋਣ ਕਮਿਸ਼ਨ ਵੱਲੋਂ ਹੀ ਮੁਹੱਈਆ ਕਰਵਾਇਆ ਜਾਵੇਗਾ। ਇਸ ਨੂੰ ਸ਼ਾਮ ਨੂੰ ਡਾਕਟਰਾਂ ਦੀ ਦੇਖ-ਰੇਖ ਹੇਠ ਨਸ਼ਟ ਕੀਤਾ ਜਾਵੇਗਾ। ਦੂਜੇ ਪਾਸੇ ਚੋਣਾਂ ਨੂੰ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪੁਲੀਸ ਨੇ 3700 ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਅਰਧ ਸੈਨਿਕ ਬੱਲਾਂ ਦੀਆਂ 9 ਟੁਕੜੀਆਂ ਸੱਦੀਆਂ ਗਈਆਂ ਹਨ ਜਿਨ੍ਹਾਂ ਦੀ ਦੇਖ-ਰੇਖ ਹੇਠ ਚੋਣਾਂ ਅਤੇ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ।
ਰਾਜ ਚੋਣ ਕਮਿਸ਼ਨ ਦੇ ਓਐੱਸਡੀ ਕੇ ਭੰਡਾਰੀ ਨੇ ਦੱਸਿਆ ਕਿ 24 ਦਸੰਬਰ ਨੂੰ ਵੋਟਿੰਗ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ ਅੰਦਰ ਸਮਾਜਿਕ ਦੁੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਸਲਿਪ ਦੇ ਪਿੱਛੇ ਵੀ ਸਾਰੇ ਨਿਰਦੇਸ਼ ਦਰਸਾਏ ਗਏ ਹਨ ਜਿਸ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਸ੍ਰੀ ਭੰਡਾਰੀ ਨੇ ਦੱਸਿਆ ਕਿ ਸ਼ਹਿਰ ਦੇ 35 ਵਾਰਡਾਂ ਦੇ ਬੀਐੱਲਓ ਰਾਹੀਂ ਸਾਰੇ ਵੋਟਰਾਂ ਤੱਕ ਵੋਟਿੰਗ ਸਪਿੱਲ ਪਹੁੰਚਾ ਦਿੱਤਾ ਹੈ ਜਿਸ ਨਾਲ ਵੋਟਰ ਸਿੱਧਾ ਆਪਣੇ ਵੋਟ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੇਰਲ, ਗੋਆ ਅਤੇ ਤੇਲੰਗਾਨਾ ਸਣੇ 4 ਥਾਵਾਂ ਤੋਂ ਵਿਸ਼ੇਸ਼ ਅਬਜ਼ਰਵਰ ਸੱਦੇ ਗਏ ਹਨ। ਜਿਨ੍ਹਾਂ ਦੀ ਦੇਖ-ਰੇਖ ਹੇਠ ਵੋਟਿੰਗ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਪਾਹਿਜ ਵੋਟਰਾਂ ਨੂੰ ਘਰ ਤੋਂ ਪੋਲਿੰਗ ਸਟੇਸ਼ਨ ਤੱਕ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਦੇ 35 ਵਾਰਡਾਂ ਦਾ ਸਮੇਂ-ਸਮੇਂ ’ਤੇ ਸਰਵੇਖਣ ਕੀਤਾ ਜਾ ਰਿਹਾ ਹੈ ਜਿਨ੍ਹਾਂ ਵੱਲੋਂ 212 ਪੋਲਿੰਗ ਸਟੇਸ਼ਨਾਂ ਵਿੱਚੋਂ 52 ਅਤੇ 694 ਪੋਲਿੰਗ ਬੂਥਾਂ ਵਿੱਚੋਂ 220 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਨੇ ਚੋਣਾਂ ਵਿੱਚ 3700 ਤੋਂ ਵੱਧ ਪੁਲੀਸ ਕਰਮੀ ਤਾਇਨਾਤ ਕੀਤੇ ਹਨ ਜਿਸ ਵਿੱਚ 16 ਡੀਐੱਸਪੀ, 54 ਇੰਸਪੈਕਟਰ, 515 ਐੱਨਜੀਓ, 2323 ਓਆਰਸ, 800 ਹੋਮਗਾਰਡ ਦੇ ਜਵਾਨ ਸ਼ਾਮਲ ਹਨ। ਇਸ ਤੋਂ ਇਲਾਵਾ ਸੰਵੇਦਨਸ਼ੀਲ ਬੂਥਾਂ ’ਤੇ ਅਰਧ ਸੈਨਿਕ ਬੱਲਾਂ ਨੂੰ ਤਾਇਨਾਤ ਕੀਤਾ ਹੈ। ਪੁਲੀਸ ਨੇ ਸਾਰੇ ਉਮੀਦਵਾਰਾਂ ਅਤੇ ਵੋਟਰਾਂ ਨੂੰ ਵੀ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਵੋਟਰ ਸਲਿੱਪ ’ਤੇ ਨਹੀਂ ਹੋਵੇਗੀ ਵੋਟਰ ਦੀ ਫੋਟੋ
ਚੋਣ ਕਮਿਸ਼ਨ ਨੇ ਵੋਟਰ ਸਲਿੱਪ ਵਿੱਚ ਕੁਝ ਬਦਲਾਅ ਕਰਦਿਆਂ ਵੋਟਰ ਸਲਿੱਪ ਤੋਂ ਵੋਟਰ ਦੀ ਤਸਵੀਰ ਨੂੰ ਹਟਾ ਦਿੱਤਾ ਹੈ ਤਾਂ ਜੋ ਕੋਈ ਵਿਅਕਤੀ ਇਸ ਦੀ ਦੁਰਵਰਤੋਂ ਨਾ ਕਰ ਸਕੇ ਜਿਸ ਦਾ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ।