ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜੂਨ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਗੈਰਕਾਨੂਨੀ ਢੰਗ ਨਾਲ ਹੋਰਡਿੰਗਜ਼ ਅਤੇ ਹੋਰ ਇਸ਼ਤਿਹਾਰੀ ਬੋਰਡ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 40 ਹੋਰਡਿੰਗ ਹਟਾਏ ਅਤੇ ਡਿਫਾਲਟਰਾਂ ਨੂੰ 1.80 ਕਰੋੜ ਰੁਪਏ ਜੁਰਮਾਨੇ ਦੇ ਨੋਟਿਸ ਵੀ ਜਾਰੀ ਕੀਤੇ ਹਨ। ਨਿਗਮ ਵੱਲੋਂ ‘ਚੰਡੀਗੜ੍ਹ ਐਡਵਰਟਾਇਜ਼ਮੈਂਟ ਕੰਟਰੋਲ ਆਰਡਰ-1954’ ਦੀ ਉਲੰਘਣਾ ਦੇ ਦੋਸ਼ ਹੇਠ ਇਹ ਕਾਰਵਾਈ ਕੀਤੀ ਗਈ ਹੈ।
ਨਗਰ ਨਿਗਮ ਦੇ ਐਨਫੋਰਸਮੇਂਟ ਵਿੰਗ ਵੱਲੋਂ ਅਜਿਹੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਲਈ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਸਬੰਧ ਵਿੱਚ ਅੱਜ ਨਿਗਮ ਦੀਆਂ ਟੀਮਾਂ ਨੇ ਸੈਕਟਰ 22 ਡੀ ਵਿੱਚ ਬੈੱਸਟ ਐਵਰ ਤੋਂ ਇਲਾਵਾ ਸੈਕਟਰ 34 ਦੇ ਕਾਸ਼ਵੀ ਟਿਊਸ਼ਨ, ਮੈਡਮ ਮਾਇਆ ਐਂਡ ਡੀਕੇ ਗੋਇਲ, ਕਨੈਕਟ, ਪੋਰਟਰ, ਬਾਂਸਲ ਕਲਾਸਿਕਸ, ਈਡੀਵੀਐਕਸ ਟਰਮ ਅਤੇ ਸੈਕਟਰ 27 ਦੇ ਐਪਟਾਇਜ਼ਰ ਫੂਡ ਪੁਆਇੰਟ, ਸੰਜੈ ਢਾਬਾ, ਡੇਲੀ ਡੋਜ਼, ਬੱਤਰਾ ਕਾਰਨਰ, ਅਨਾਮਾ ਬੂਟੀਕ, ਸ਼ਿਵ ਫੂਡ, ਸਪਾਈ ਸਿੰਘ, ਹੇਅਰ ਡਰੈੱਸਰ, ਮਾਈ ਇੰਸ਼ੋਰੈਂਸ ਪੁਆਇੰਟ, ਸ਼ਾਇਨ ਐਂਡ ਗਲਾਂਡ ਪੀਸੀ ਲੈਪਟਾਪ ਰਿਪੇਅਰ ਆਦਿ ਫਰਮਾਂ ਖ਼ਿਲਾਫ਼ ਗੈਰ-ਕਾਨੂੰਨੀ ਢੰਗ ਨਾਲ ਹੋਰਡਿੰਗ ਲਗਾਏ ਜਾਣ ਦੀ ਕਾਰਵਾਈ ਕੀਤੀ ਗਈ। ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਾਰੇ ਹਿੱਸੇਦਾਰਾਂ ਨੂੰ ‘ਚੰਡੀਗੜ੍ਹ ਐਡਵਰਟਾਇਜ਼ਮੈਂਟ ਕੰਟਰੋਲ ਆਰਡਰ-1954’ ਬਾਰੇ ਜਾਗਰੂਕ ਕਰਨ ਲਈ ਲੰਘੇ ਅਪਰੈਲ ਮਹੀਨੇ ਕੈਂਪ ਲਗਾਏ ਗਏ ਸਨ। ਇਨ੍ਹਾਂ ਹੁਕਮਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਇਸ਼ਤਿਹਾਰ ਆਦਿ ਲਗਾਉਣ ਤੋਂ ਪਹਿਲਾਂ ਨਗਰ ਨਿਗਮ ਦੀ ਮਨਜ਼ੂਰੀ ਜਰੂਰੀ ਹੈ।