ਮੁਕੇਸ਼ ਕੁਮਾਰ
ਚੰਡੀਗੜ੍ਹ, 20 ਅਕਤੂਬਰ
ਚੰਡੀਗੜ੍ਹ ਭਾਜਪਾ ਦੀ ਅੰਦਰੂਨੀ ਫੁੱਟ ਅੱਜ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਦੇਖਣ ਨੂੰ ਮਿਲੀ। ਮੇਅਰ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਨਿਗਮ ਹਾਊਸ ਦੀ ਮੀਟਿੰਗ ਸੱਦਣ ਨੂੰ ਲੈਕੇ ਜਿਥੇ ਵਿਰੋਧੀ ਧਿਰ ਕਾਂਗਰਸ ਦੇ ਕੌਂਸਲਰ ਇਸ ਰੁਝਾਨ ਦੇ ਖ਼ਿਲਾਫ਼ ਰਹੇ, ਉਥੇ ਹਾਕਮ ਧਿਰ ਭਾਜਪਾ ਦੇ ਕੌਂਸਲਰ ਵੀ ਆਪਣੀ ਹੀ ਪਾਰਟੀ ਦੀ ਮੇਅਰ ਖ਼ਿਲਾਫ਼ ਬਾਗੀ ਹੋ ਗਏ। ਮੀਟਿੰਗ ਵਿੱਚ ਕੌਂਸਲਰਾਂ ਦੀ ਮੰਗ ਅਨੁਸਾਰ ਪ੍ਰਸਤਾਵ ਸ਼ਾਮਲ ਨਾ ਕੀਤੇ ਜਾਣ ਨੂੰ ਲੈਕੇ ਕਾਂਗਰਸ ਸਮੇਤ ਭਾਜਪਾ ਕੌਂਸਲਰਾਂ ਨੇ ਪਾਸਾ ਵੱਟ ਲਿਆ ਅਤੇ ਮੀਟਿੰਗ ਲਈ ਲੋੜੀਂਦਾ ਕੋਰਮ ਪੂਰਾ ਨਾ ਹੋਣ ਕਰਕੇ ਮੇਅਰ ਨੂੰ ਹਾਊਸ ਮੀਟਿੰਗ ਰੱਦ ਕਰਨੀ ਪਈ। ਚੰਡੀਗੜ੍ਹ ਨਗਰ ਨਿਗਮ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋ ਕੋਰਮ ਪੂਰਾ ਨਾ ਹੋਣ ਕਰਕੇ ਹਾਊਸ ਦੀ ਮੀਟਿੰਗ ਰੱਦ ਕਰਨੀ ਪਈ ਹੈ।
ਜ਼ਿਕਰਯੋਗ ਹੈ ਕਿ ਨਿਗਮ ਕੌਂਸਲਰ ਹਾਊਸ ਦੀ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕਰਵਾਊਣ ਦੀ ਥਾਂ ਓਪਨ ਮੀਟਿੰਗ ਕਰਵਾਉਣ ਦੇ ਮੰਗ ਕਰ ਰਹੇ ਸਨ ਪਰ ਮੇਅਰ ਨੇ ਕਰੋਨਾ ਨੂੰ ਲੈਕੇ ਸਾਵਧਾਨੀ ਵਰਤਦਿਆਂ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕਰਵਾਊਣ ਦਾ ਫੈਸਲਾ ਲਿਆ। ਕਾਂਗਰਸ ਸਮੇਤ ਮੇਅਰ ਦੀ ਆਪਣੀ ਹੀ ਪਾਰਟੀ ਦੇ ਕੌਂਸਲਰ ਇਸ ਫੈਸਲੇ ਨੂੰ ਲੈਕੇ ਨਾਰਾਜ਼ ਹੋ ਗਏ ਅਤੇ ਮੀਟਿੰਗ ਵਿੱਚ ਸ਼ਾਮਲ ਨਾ ਹੋਣ ਦੀ ਇੱਛਾ ਜ਼ਾਹਿਰ ਕੀਤੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਭਾਜਪਾ ਦੀ ਅੰਦਰੂਨੀ ਰਾਜਨੀਤੀ ਅਤੇ ਗੁੱਟਬਾਜ਼ੀ ਵੀ ਸਾਹਮਣੇ ਆ ਗਈ ਹੈ। ਭਾਜਪਾ ਕੌਂਸਲਰ ਨਿਗਮ ਵੱਲੋਂ ਸ਼ਹਿਰ ਵਿੱਚ ਪਾਣੀ ਦੀਆਂ ਦਰਾਂ ’ਚ ਕੀਤੇ ਵਾਧੇ ’ਤੇ ਮੁੜ ਗੌਰ ਕਰਨ ਲਈ ਹਾਊਸ ਮੀਟਿੰਗ ਵਿੱਚ ਪ੍ਰਸਤਾਵ ਲਿਆਉਣ ਦੀ ਮੰਗ ਕਰ ਰਹੇ ਸਨ ਪਰ ਨਿਗਮ ਅਧਿਕਾਰੀਆਂ ਨੇ ਪਾਣੀ ਦੀਆਂ ਦਰਾਂ ਨੂੰ ਲੈ ਕੇ ਮੁੜ ਤੋਂ ਕੋਈ ਪ੍ਰਸਤਾਵ ਲਿਆਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ।
ਇਸੇ ਦੌਰਾਨ ਚੰਡੀਗੜ੍ਹ ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਭੱਟੀ ਨੇ ਕਿਹਾ ਕਿ ਵੀਡੀਓ ਕਾਨਫਰੰਸ ਰਾਹੀਂ ਮੀਟਿੰਗਾਂ ਵਿੱਚ ਕੌਂਸਲਰ ਆਪਣੀ ਗੱਲ ਠੀਕ ਤਰ੍ਹਾਂ ਨਾਲ ਨਹੀਂ ਕਹਿ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਪਾਣੀ ਦੀਆਂ ਵਧੀਆਂ ਦਰਾਂ ਸਮੇਤ ਘਰਾਂ ਤੋਂ ਕੂੜਾ ਇਕੱਤਰ ਕਰਨ ਅਤੇ ਸੈਕਟਰ-23 ਵਿੱਚ ਰੇਹੜੀ ਮਾਰਕੀਟ ਦੇ ਸ਼ੈੱਡਾਂ ਦੇ ਕਿਰਾਏ ਸਮੇਤ ਕਈਂ ਸਮੱਸਿਆਂਵਾਂ ’ਤੇ ਚਰਚਾ ਕਰਨ ਦੀ ਲੋੜ ਹੈ ਪਰ ਕੌਂਸਲਰ ਆਪਣੀ ਗੱਲ ਰੱਖਣ ਵਿੱਚ ਅਸਮਰਥ ਹੰਦੇ ਹਨ।
ਕਰੋਨਾ ਕਾਰਨ ਮੀਟਿੰਗ ਵੀਡੀਓ ਕਾਨਫ਼ਰੰਸ ਰਾਹੀਂ ਸੱਦੀ: ਮੇਅਰ
ਮੇਅਰ ਰਾਜ ਬਾਲਾ ਮਲਿਕ ਨੇ ਕਿਹਾ ਕਿ ਕਰੋਨਾ ਨੂੰ ਲੈ ਕੇ ਸਾਵਧਾਨੀ ਵਜੋਂ ਉਨ੍ਹਾਂ ਨੇ ਹਾਊਸ ਮੀਟਿੰਗ ਵੀਡੀਓ ਕਾਨਫ਼ਰੰਸ ਰਾਹੀਂ ਬੁਲਾਈ ਸੀ। ਉਨ੍ਹਾਂ ਦੱਸਿਆ ਕਿ ਉਹ ਖੁਦ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਸਿਹਤਯਾਬ ਹੋ ਕੇ ਕੰਮ ’ਤੇ ਪਰਤੀ ਹੈ ਅਤੇ ਅਜਿਹੇ ਵਿੱਚ ਉਹ ਆਪਣੇ ਹੋਰ ਸਾਥੀ ਕੌਂਸਲਰਾਂ ਅਤੇ ਨਿਗਮ ਅਧਿਕਾਰੀਆਂ ਲਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਸੀ।