ਮੁਕੇਸ਼ ਕੁਮਾਰ
ਚੰਡੀਗੜ੍ਹ, 10 ਜੂਨ
ਨਗਰ ਨਿਗਮ ਵੱਲੋਂ ਸ਼ਹਿਰ ਦੇ ਪਾਰਕਾਂ ਅਤੇ ਹੋਰ ਸੈਰ ਕਰਨ ਵਾਲੀਆਂ ਥਾਵਾਂ ’ਤੇ ਖਿਲਰੇ ਕੂੜੇ ਨੂੰ ਸਾਫ਼ ਕਰਨ ਲਈ ਵਿੱਢੀ ਯੋਜਨਾ ‘ਕਲੀਨ ਐਜ਼ ਯੂ ਜੌਗ’ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕੌਂਸਲਰਾਂ ਦੀ ਮਦਦ ਨਾਲ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਨਿਗਮ ਵੱਲੋਂ 5 ਤੋਂ 11 ਜੂਨ ਤੱਕ ਮਨਾਏ ਜਾ ਰਹੇ ਵਾਤਾਵਰਨ ਹਫ਼ਤੇ ਨੂੰ ਲੈ ਕੇ ਅੱਜ ਸ਼ਹਿਰ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਮਨੀਮਾਜਰਾ ਖੇਤਰ ਵਿੱਚ ਪਲੱਗਿੰਗ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਥਾਨਕ ਵਾਸੀਆਂ, ਨਗਰ ਨਿਗਮ ਅਧਿਕਾਰੀਆਂ, ਲਗਪਗ 20-25 ਫਿਟਨੈੱਸ ਪ੍ਰੇਮੀਆਂ ਅਤੇ ਸਵੇਰੇ ਪੈਦਲ ਚੱਲਣ ਵਾਲੇ ਵਾਤਾਵਰਨ ਪ੍ਰੇਮੀਆਂ ਨੇ ਜੂਟ ਦੇ ਥੈਲੇ ਲੈ ਕੇ ਇੱਥੋਂ ਦੇ ਪਾਰਕਾਂ ਅਤੇ ਸੜਕ ਦੇ ਕਿਨਾਰਿਆਂ ਦੇ ਅੰਦਰ ਜੌਗਿੰਗ ਟਰੈਕਾਂ ਦੇ ਨਾਲ-ਨਾਲ ਕੂੜਾ-ਕਰਕਟ ਚੁੱਕਦੇ ਦੌੜ ਲਗਾਈ।
ਇਸ ਨਵੀਂ ਪਹਿਲਕਦਮੀ ਬਾਰੇ ਬੋਲਦੇ ਹੋਏ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਕਿਹਾ ਕਿ ਪਲੱਗਿੰਗ ਇੱਕ ਨਵਾਂ ਸੰਕਲਪ ਹੈ ਜੋ ਕੂੜਾ ਚੁੱਕਣ ਦੇ ਵਾਤਾਵਰਨ ਲਾਭਾਂ ਦੇ ਨਾਲ ਜੌਗਿੰਗ ਨੂੰ ਵੀ ਜੋੜਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਜੌਗਿੰਗ ਲੋਕਾਂ ਨੂੰ ਤੰਦਰੁਸਤ ਰਹਿਣ ਵਿੱਚ ਮਦਦ ਕਰਦੀ ਹੈ, ਉੱਥੇ ਬਗ਼ੀਚਿਆਂ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਕੂੜਾ ਇਕੱਠਾ ਕਰਨ ਨਾਲ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਮਦਦ ਮਿਲਦੀ ਹੈ।
ਉਧਰ, ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਨਿਊ ਲੇਕ ਏਰੀਆ ਸੈਕਟਰ-42 ਵਿੱਚ ਪਲੱਗਿੰਗ ਸ਼ੁਰੂ ਕੀਤੀ, ਜਿੱਥੇ ਇਲਾਕਾ ਕੌਂਸਲਰ ਜਸਬੀਰ ਸਿੰਘ ਬੰਟੀ, ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਮੈਂਬਰ ਅਤੇ ਸਥਾਨਕ ਲੋਕਾਂ ਦੇ ਨਾਲ ਗ਼ੈਰ-ਸਰਕਾਰੀ ਸੰਗਠਨ ਦੇ ਵਾਲੰਟੀਅਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਇਸ ਦਾ ਉਦੇਸ਼ ਵੱਡੀ ਮਾਤਰਾ ਵਿੱਚ ਕੂੜਾ ਇਕੱਠਾ ਕਰਨਾ ਜਾਂ ਸਮੁੱਚੇ ਬਗ਼ੀਚਿਆਂ ਜਾਂ ਸੜਕਾਂ ਦੇ ਕਿਨਾਰਿਆਂ ਦੀ ਸਫ਼ਾਈ ਕਰ ਕੇ ਇਸ ਨੂੰ ਕੂੜਾ ਰਹਿਤ ਬਣਾਉਣਾ ਨਹੀਂ ਸੀ, ਸਗੋਂ ਇਹ ਵਾਤਾਵਰਨ ਨੂੰ ਬਚਾਉਣ ਲਈ ਇੱਕ ਸਾਧਾਰਨ ਕੋਸ਼ਿਸ਼ ਦੇ ਨਾਲ ਕਸਰਤ ਦਾ ਇੱਕ ਨਵਾਂ ਰੂਪ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹਰ ਹਫ਼ਤੇ ਦੇ ਅੰਤ ਵਿੱਚ ਸ਼ੁਰੂ ਕੀਤੀਆਂ ਜਾਣਗੀਆਂ। ਕਮਿਸ਼ਨਰ ਨੇ ਚੰਡੀਗੜ੍ਹ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਦੇ ਕਿਨਾਰਿਆਂ ’ਤੇ ਕੂੜਾ-ਕਰਕਟ ਅਤੇ ਬਗ਼ੀਚਿਆਂ ਵਿੱਚ ਕੂੜਾ ਸੁੱਟਣਾ ਬੰਦ ਕਰਨ। ਕੂੜਾ ਇਕੱਠਾ ਕਰਨ ਲਈ ਬਗ਼ੀਚਿਆਂ ਵਿੱਚੋਂ ਲੰਘਦੇ ਸਮੇਂ ਆਪਣੀ ਕਾਰ ਵਿੱਚ ਇਕ ਛੋਟਾ ਜਿਹਾ ਬੈਗ ਲੈ ਕੇ ਆਉਣ। ਅੱਜ ਦੀਆਂ ਗਤੀਵਿਧੀ ਦੌਰਾਨ ਟੀਮ ਨੇ ਕੂੜਾ ਇਕੱਠਾ ਕੀਤਾ।