ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 1 ਅਕਤੂਬਰ
ਚੰਡੀਗੜ੍ਹ ਨਗਰ ਵਲੋਂ ਮਨਾਏ ਜਾ ਰਹੇ ‘ਆਜ਼ਾਦੀ ਦਾ ਅਮ੍ਰਿਤ ਮਹਾਂਉਤਸਵ’ ਨੂੰ ਲੈ ਕੇ ਅੱਜ ‘ਸਾਈਕਲ ਟੂ ਵਰਕ’ ਦਿਵਸ ਮਨਾਇਆ ਗਿਆ। ਇਸ ਮੌਕੇ ਸਾਈਕਲ ਚਲਾਉਣ ਨੂੰ ਹੱਲਾਸ਼ੇਰੀ ਦੇਣ ਲਈ ਨਗਰ ਨਿਗਮ ਮੇਅਰ ਸਮੇਤ ਨਿਗਮ ਅਧਿਕਾਰੀ ਆਪਣੇ ਦਫ਼ਤਰ ਸਾਈਕਲ ’ਤੇ ਪੁੱਜੇ। ਆਪਣੇ ਘਰ ਤੋਂ ਨਗਰ ਨਿਗਮ ਭਵਨ ਸਾਈਕਲ ਚਲਾ ਕੇ ਪੁੱਜੇ ਮੇਅਰ ਰਵੀ ਕਾਂਤ ਸ਼ਰਮਾ ਨੇ ਸਾਈਕਲ ਚਲਾ ਕੇ ਨਿਗਮ ਦਫ਼ਤਰ ਪੁੱਜਣ ਵਾਲੇ ਨਿਗਮ ਅਧਿਕਾਰੀਆਂ ਦਾ ਸਵਾਗਤ ਕੀਤਾ। ਨਗਰ ਨਿਗਮ ਦੇ ਐਂਟਰੀ ਗੇਟ ਨੇੜੇ ਇੱਕ ਸੈਲਫੀ ਸਟੈਂਡ ਵੀ ਲਗਾਇਆ ਗਿਆ ਸੀ ਜਿੱਥੇ ਨਿਗਮ ਕਰਮਚਾਰੀਆਂ ਨੇ ਆਪਣੇ ਮੋਬਾਈਲ ਫੋਨਾਂ ’ਤੇ ਸੈਲਫੀਆਂ ਲਈਆਂ। ਮੇਅਰ ਨੇ ਦੱਸਿਆ ਕਿ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਨਗਰ ਨਿਗਮ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ।