ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗ਼ਰੀਬਦਾਸ, 10 ਅਗਸਤ
ਪਿੰਡ ਮੁੱਲਾਂਪੁਰ ਗ਼ਰੀਬਦਾਸ ਵਿੱਚ ਪੀਣ ਵਾਲੇ ਪਾਣੀ ਦੀ ਹੋ ਰਹੀ ਲੀਕੇਜ ਕਾਰਨ ਲੋਕਾਂ ਨੂੰ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ। ਪਰ ਵਾਟਰ ਸਪਲਾਈ ਵਿਭਾਗ ਦੇ ਕਰਮਚਾਰੀ ਇਸ ਮਾਮਲੇ ਨੂੰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਗੰਭੀਰਤਾ ਨਾਲ ਨਹੀਂ ਲੈ ਰਿਹਾ। ਇਸ ਸਬੰਧੀ ਡਰਾਈਵਰ ਕੁਲਵੰਤ ਸਿੰਘ, ਮਿਸਤਰੀ ਮੋਹਣ ਸਿੰਘ, ਸੁਰਜੀਤ ਸਿੰਘ ਅਤੇ ਸਾਬਕਾ ਪੰਚ ਬਿੱਟੂ ਨੇ ਦੱਸਿਆ ਕਿ ਜਦੋਂ ਰਾਹਗੀਰ ਈਕੋ ਸਿਟੀ ਵਾਲੇ ਪਾਸੇ ਤੋਂ ਪਿੰਡ ਮੁੱਲਾਂਪੁਰ ਗ਼ਰੀਬਦਾਸ ਵਿੱਚ ਦਾਖ਼ਲ ਹੁੰਦੇ ਹਨ ਤਾਂ ਅੱਗੇ ਚੌਰਸਤੇ ’ਤੇ ਪੀਣ ਵਾਲੇ ਪਾਣੀ ਦੀ ਲੀਕੇਜ ਹੁੰਦੀ ਰਹਿੰਦੀ ਹੈ। ਜਦੋਂ ਪਾਣੀ ਦੀ ਸਪਲਾਈ ਚੱਲਦੀ ਹੈ ਤੇ ਲੀਕ ਹੋ ਕੇ ਸੜਕ ’ਤੇ ਖੜ੍ਹ ਜਾਂਦਾ ਹੈ। ਲੋਕਾਂ ਨੇ ਵਾਟਰ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਪੀਣ ਵਾਲੇ ਪਾਣੀ ਦੀ ਹੋ ਰਹੀ ਲੀਕੇਜ ਸਮੱਸਿਆ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਦੂਜੇ ਪਾਸੇ ਵਾਰ-ਵਾਰ ਕੋਸ਼ਿਸ਼ ਕਰਨ ਉਤੇ ਸਬੰਧਿਤ ਵਾਟਰ ਕਰਮਚਾਰੀ ਨਾਲ ਸੰਪਰਕ ਨਹੀਂ ਹੋ ਸਕਿਆ।