ਹਰਜੀਤ ਸਿੰਘ
ਡੇਰਾਬੱਸੀ, 18 ਸਤੰਬਰ
ਬਲਾਕ ਪੱਧਰ ਦੀਆਂ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਸੈਣੀਆਂ ਵਿੱਚ ਕਰਵਾਈ ਗਈਆਂ। ਦੋ ਦਿਨਾ ਇਨ੍ਹਾਂ ਖੇਡਾਂ ਵਿੱਚ ਸਾਰੇ ਬਲਾਕਾਂ ਦੇ ਅੱਠ ਸੈਂਟਰ ਜਿਨ੍ਹਾਂ ਵਿੱਚ ਮੁਬਾਰਕਪੁਰ ਕੁੜੀਆਂ, ਪੰਡਵਾਲਾ, ਰਾਮਪੁਰ ਸੈਣੀਆਂ, ਦੇਵੀਨਗਰ, ਡੇਰਾਬੱਸੀ, ਪਰਾਗਪੁਰ, ਜਿਓਲੀ ਅਤੇ ਭਾਂਖਰਪੁਰ ਸੈਂਟਰ ਦੇ 56 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਖੇਡਾਂ ਦੀ ਸ਼ੁਰੂਆਤ ਟੀਮ ਨਿਸ਼ਚੇ ਵੱਲੋਂ ਗੁਰਪ੍ਰੀਤ ਸਿੰਘ ਕਰਵਾਉਂਦੇ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਬੀਪੀਈਓ ਜਸਵੀਰ ਕੌਰ ਦੀ ਅਗਵਾਈ ਹੇਠ ਹੋਈਆਂ ਖੇਡਾਂ ਵਿੱਚ ਮੁਬਾਰਕਪੁਰ ਸੈਂਟਰ ਨੇ ਬਾਜ਼ੀ ਮਾਰਦਿਆਂ ਓਵਰਆਲ ਟਰਾਫੀ ਆਪਣੇ ਨਾਂਅ ਕੀਤੀ। ਇਨ੍ਹਾਂ ਖੇਡਾਂ ਵਿੱਚ ਸੈਂਟਰ ਮੁਬਾਰਕਪੁਰ ਕੁੜੀਆਂ ਨੇ ਖੋ-ਖੋ ਦੇ ਮੁਕਾਬਲੇ ਵਿੱਚ ਮੁੰਡੇ ਅਤੇ ਕੁੜੀਆਂ ਨੇ ਗੋਲਡ, ਕਬੱਡੀ ਵਿੱਚ ਕੁੜੀਆਂ ਨੇ ਗੋਲਡ, ਕਬੱਡੀ ਸਰਕਲ ਸਟਾਈਲ ਵਿੱਚ ਮੁੰਡਿਆਂ ਨੇ ਸਿਲਵਰ, ਰੱਸਾਕਸ਼ੀ ਵਿੱਚ ਗੋਲਡ, ਫੁੱਟਬਾਲ ਕੁੜੀਆਂ ਨੇ ਗੋਲਡ ਪ੍ਰਾਪਤ ਕਰਕੇ ਓਵਰ ਆਲ ਟਰਾਫੀ ਹਾਸਲ ਕੀਤੀ। ਇਸ ਤੋਂ ਇਲਾਵਾ ਦੇਵੀਨਗਰ ਸੈਂਟਰ ਨੇ ਸਰਕਲ ਸਟਾਈਲ ਕਬੱਡੀ ਵਿੱਚ ਗੋਲਡ, ਭਾਂਖਰਪੁਰ ਸੈਂਟਰ ਨੇ ਸ਼ਾਟ-ਪੁੱਟ ਅਤੇ ਲੌਂਗ ਜੰਪ ਵਿੱਚ ਗੋਲਡ, ਤੈਰਾਕੀ ਵਿੱਚ ਪੰਡਵਾਲਾ ਸੈਂਟਰ ਨੇ ਗੋਲਡ ਹਾਸਲ ਕੀਤੀ।
ਫੁਟਬਾਲ ਵਿੱਚ ਸਿੰਘਪੁਰਾ ਅਤੇ ਕਬੱਡੀ ਵਿੱਚ ਸੈਦਪੁਰ ਨੇ ਮਾਰੀ ਬਾਜ਼ੀ
ਐਸ.ਏ.ਐਸ.ਨਗਰ(ਮੁਹਾਲੀ)(ਖੇਤਰੀ ਪ੍ਰਤੀਨਿਧ): ਖੇਡਾਂ ਵਤਨ ਪੰਜਾਬ ਦੀਆਂ-2022 ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਬਹੁਮੰਤਵੀ ਖੇਡ ਭਵਨ ਸੈਕਟਰ 78 ਵਿੱਚ ਚੱਲ ਰਹੇ ਹਨ। ਜ਼ਿਲ੍ਹਾ ਖੇਡ ਅਫਸਰ ਗੁਰਦੀਪ ਕੌਰ ਨੇ ਦੱਸਿਆ ਕਿ ਫੁੱਟਬਾਲ-ਅੰਡਰ 21 (ਲੜਕੇ) ਸਿੰਘਪੁਰਾ ਨੇ ਖਾਲਸਾ ਸਕੂਲ ਕੁਰਾਲੀ ਨੂੰ ਹਰਾਇਆ ਅਤੇ ਕਿਕਸ ਐਫ.ਸੀ ਡੇਰਾਬੱਸੀ ਨੇ ਸੇਂਟ ਸੋਲਜ਼ਰ ਨੂੰ ਹਰਾਇਆ। ਕਬੱਡੀ ਅੰਡਰ-14 (ਲੜਕੀਆਂ) ਸੈਦਪੁਰ ਨੇ ਪਹਿਲਾ ਅਤੇ ਸਹਸ ਲਾਲੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ -21 (ਲੜਕੀਆਂ) ਸੋਹਾਣਾ ਨੇ ਪਹਿਲਾ ਅਤੇ ਲਾਲੜੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੋਲਰ ਸਕੇਟਿੰਗ ਵਿੱਚ ਭੱਵਿਆ ਕੰਬੋਜ ਨੇ 3 ਗੋਲਡ ਮੈਡਲ, ਏਕਮਜੋਤ ਸੈਣੀ ਅਤੇ ਗੁਰਸਹਿਜ ਸਿੰਘ ਨੇ 1,1 ਗੋਲਡ ਮੈਡਲ ਪ੍ਰਾਪਤ ਕੀਤਾ। ਵਾਲੀਬਾਲ ਅੰਡਰ 17 (ਲੜਕੇ) ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਨੇ ਸ਼ੈਮਰਾਕ ਸਕੂਲ ਮੁਹਾਲੀ ਨੂੰ ਹਰਾਇਆ, ਲਾਰਡ ਮਹਾਵੀਰ ਸਕੂਲ ਨੇ ਤਿਊੜ ਨੂੰ ਹਰਾਇਆ।