ਮੁਕੇਸ਼ ਕੁਮਾਰ
ਚੰਡੀਗੜ੍ਹ, 31 ਦਸੰਬਰ
ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੇ ਅੱਜ ਇੱਥੇ ਸੈਕਟਰ 38-ਸੀ ਵਿੱਚ ਕਮਿਊਨਿਟੀ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰ ਦੀ ਹੱਦ ਅੰਦਰ ਅਤਿਆਧੁਨਿਕ ਕਮਿਊਨਿਟੀ ਸੈਂਟਰਾਂ ਦੀ ਵਿਵਸਥਾ ਹੋਣ ਨਾਲ ਹੁਣ ਚੰਡੀਗੜ੍ਹ ਵਾਸੀ ਆਪਣੇ ਘਰਾਂ ਦੇ ਨੇੜੇ ਹੀ ਵੱਡੇ ਸਮਾਗਮ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਕਮਿਊਨਿਟੀ ਸੈਂਟਰ ਵਿੱਚ ਸੀਨੀਅਰ ਸਿਟੀਜ਼ਨ ਰੂਮ, ਈ-ਸੰਪਰਕ ਕੇਂਦਰ, ਜਿਮਨੇਜ਼ੀਅਮ ਤੇ ਲਾਇਬ੍ਰੇਰੀ ਆਦਿ ਦੀਆਂ ਸਹੂਲਤਾਂ ਉਪਲਬਧ ਹਨ।
ਇਸ ਮੌਕੇ ਮੇਅਰ ਰਵੀ ਕਾਂਤ ਸ਼ਰਮਾ ਨੇ ਦੱਸਿਆ ਕਿ 1717 ਵਰਗ ਮੀਟਰ ਖੇਤਰਫਲ ਵਾਲੀ ਦੋ ਮੰਜ਼ਿਲਾ ਇਮਾਰਤ ਵਾਲੇ ਇਸ ਕਮਿਊਨਿਟੀ ਸੈਂਟਰ ਦੀ ਉਸਾਰੀ ’ਤੇ 4 ਕਰੋੜ 64 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਰਨ ਖੇਰ ਨੇ ਇਥੇ ਸੈਕਟਰ 46 ਸਥਿਤ ਕਮਿਊਨਿਟੀ ਸੈਂਟਰ ਵਿੱਚ ਨਵਿਆਏ ਗਏ ਹਾਲ ਨੂੰ ਵੀ ਜਨਤਾ ਨੂੰ ਸਮਰਪਿਤ ਕੀਤਾ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ, ਕੌਂਸਲਰ ਅਰੁਣ ਸੂਦ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਪਿਛਲੇ ਲਗਪਗ ਡੇਢ ਸਾਲ ਤੋਂ ਮੁੰਬਈ ਵਿੱਚ ਇਲਾਜ ਕਰਵਾ ਰਹੀ ਸੰਸਦ ਮੈਂਬਰ ਕਿਰਨ ਖੇਰ ਚੰਡੀਗੜ੍ਹ ਨਿਗਮ ਦੀਆਂ ਚੋਣਾਂ ਨੂੰ ਲੈਕੇ ਚੰਡੀਗੜ੍ਹ ਆਈ ਹੋਈ ਹੈ। ਉਨ੍ਹਾਂ ਨੇ 24 ਦਸੰਬਰ ਨੂੰ ਹੋਈਆਂ ਨਿਗਮ ਚੋਣਾਂ ਦੌਰਾਨ ਵੋਟ ਵੀ ਪਾਈ ਸੀ ਅਤੇ ਹੁਣ ਅਗਲੇ ਹਫਤੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਵੀ ਉਹ ਨਿਗਮ ਹਾਊਸ ਪੁੱਜ ਕੇ ਬਤੌਰ ਸੰਸਦ ਮੈਂਬਰ ਆਪਣੀ ਵੋਟ ਪਾ ਸਕਦੀ ਹੈ।
ਨਵੇਂ ਚੁਣੇ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਅੱਜ
ਨਗਰ ਨਿਗਮ ਦੇ ਨਵੇਂ ਚੁਣੇ ਹੋਏ ਕੌਂਸਲਰਾਂ ਦਾ ਕਾਰਜਕਾਲ ਪਹਿਲੀ ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਨਿਗਮ ਭਵਨ ਦੇ ਅਸੈਂਬਲੀ ਹਾਲ ਵਿੱਚ ਇਨ੍ਹਾਂ ਨਵੇਂ ਚੁਣੇ ਹੋਏ ਕੌਂਸਲਰਾਂ ਲਈ ਸ਼ਨਿਚਰਵਾਰ ਨੂੰ ਸਹੁੰ ਚੁੱਕ ਸਮਾਗਮ ਕੀਤਾ ਜਾ ਜਾਵੇਗਾ। ਨਿਗਮ ਦੇ ਚੁਣੇ ਹੋਏ 35 ਕੌਸਲਰਾਂ ਨੂੰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸਹੁੰ ਚੁਕਾਉਣਗੇ।