ਕਰਮਜੀਤ ਸਿੰਘ ਚਿੱਲਾ
ਬਨੂੜ, 2 ਅਗਸਤ
ਬਨੂੜ ਤੋਂ ਤੇਪਲਾ (ਅੰਬਾਲਾ) ਅਤੇ ਲਾਂਡਰਾਂ ਨੂੰ ਜਾਂਦੇ ਕੌਮੀ ਮਾਰਗ ਉੱਤੇ ਸੜਕ ਦੇ ਦੋਵੇਂ ਪਾਸੇ ਉੱਗੀਆਂ ਹੋਈਆਂ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਆਵਾਜਾਈ ਵਿੱਚ ਅੜਿੱਕਾ ਬਣ ਰਹੀਆਂ ਹਨ। ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਪੰਜ-ਪੰਜ ਫੁੱਟ ਤੱਕ ਸੜਕ ਉੱਤੇ ਫੈਲ ਗਈਆਂ ਹਨ। ਇਸ ਨਾਲ ਦੋ ਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋ ਰਹੀ ਹੈ। ਰਾਤ ਸਮੇਂ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਵੱਜਣ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ।
ਇਸ ਸਬੰਧੀ ਕਿਸਾਨ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਅਕਾਲੀ ਆਗੂ ਸਾਧੂ ਸਿੰਘ ਖਲੌਰ, ਰਛਪਾਲ ਸਿੰਘ ਚੰਗੇਰਾ, ਗਗਨਦੀਪ ਸਿੰਘ ਗੁਰਨਾ ਖੇੜੀ, ਨੰਬਰਦਾਰ ਜਸਪਾਲ ਸਿੰਘ ਬਾਸਮਾਂ, ਨਿਰਮਲ ਸਿੰਘ ਮੋਟੇਮਾਜਰਾ, ਬਲਾਕ ਸਮਿਤੀ ਮੈਂਬਰ ਮਨਜੀਤ ਸਿੰਘ ਤੰਗੌਰੀ, ਟਹਿਲ ਸਿੰਘ ਮਾਣਕਪੁਰ, ਸ਼ੇਰ ਸਿੰਘ ਦੈੜੀ, ਬਿਕਰਮਜੀਤ ਸਿੰਘ ਗੀਗੇਮਾਜਰਾ, ਵਜ਼ੀਰ ਸਿੰਘ ਬਠਲਾਣਾ ਆਦਿ ਨੇ ਆਖਿਆ ਕਿ ਇਸ ਮਾਰਗ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿੱਚ ਪਹਾੜੀ ਕਿੱਕਰਾਂ ਹਨ। ਉਨ੍ਹਾਂ ਕਿਹਾ ਕਿ ਕਿੱਕਰਾਂ ਦੀਆਂ ਟਾਹਣੀਆਂ ਵਧਣ ਕਰ ਕੇ ਹਰ ਵਰ੍ਹੇ ਆਵਾਜਾਈ ਵਿੱਚ ਅੜਿੱਕਾ ਬਣਦੀਆਂ ਹਨ ਪਰ ਲੋਕ ਨਿਰਮਾਣ ਵਿਭਾਗ ਅਤੇ ਕੌਮੀ ਮਾਰਗ ਅਥਾਰਿਟੀ ਇਨ੍ਹਾਂ ਦੇ ਸਥਾਈ ਹੱਲ ਲਈ ਕੋਈ ਕਦਮ ਨਹੀਂ ਚੁੱਕ ਰਹੀ।
ਇਨ੍ਹਾਂ ਪਤਵੰਤਿਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਆਵਾਜਾਈ ਦਾ ਰਾਹ ਰੋਕ ਰਹੀਆਂ ਇਨ੍ਹਾਂ ਪਹਾੜੀ ਕਿੱਕਰਾਂ ਦੀਆਂ ਟਾਹਣੀਆਂ ਨੂੰ ਬਿਨ੍ਹਾਂ ਦੇਰੀ ਕੱਟ ਕੇ ਸੜਕ ਤੋਂ ਪਿੱਛੇ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਪਹਾੜੀ ਕਿੱਕਰਾਂ ਦੀ ਥਾਂ ਸੜਕ ਉੱਤੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਜਾਣ।