ਆਤਿਸ਼ ਗੁਪਤਾ
ਚੰਡੀਗੜ੍ਹ, 7 ਅਗਸਤ
ਸ਼ਹਿਰ ਵਿੱਚ ਵੱਖ-ਵੱਖ ਥਾਈਂ ਵਾਪਰੇ ਦੋ ਸੜਕ ਹਾਦਸਿਆਂ ਵਿੱਚ ਇਕ ਜਣੇ ਦੀ ਮੌਤ ਹੋ ਗਈ ਅਤੇ ਦੋ ਜਣੇ ਜ਼ਖ਼ਮੀ ਹੋ ਗਏ। ਵੇਰਵਿਆਂ ਅਨੁਸਾਰ ਪਹਿਲੀ ਘਟਨਾ ਮੁੱਲਾਂਪੁਰ ਬੈਰੀਅਰ ਨੇੜੇ ਵਾਪਰੀ ਜਿੱਥੇ ਕਾਰ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ ਵਾਸੀ ਮੁਹਾਲੀ ਵਜੋਂ ਹੋਈ ਹੈ। ਇਹ ਕੇਸ ਸੁਰੇਸ਼ ਕੁਮਾਰ ਵਾਸੀ ਖੁੱਡਾ ਲਾਹੌਰਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਰਾਜੇਸ਼ ਕੁਮਾਰ ਮੋਟਰਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਮੁੱਲਾਂਪੁਰ ਬੈਰੀਅਰ ’ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਰਾਜੇਸ਼ ਕੁਮਾਰ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸਾਰੰਗਪੁਰ ਦੀ ਪੁਲੀਸ ਨੇ ਕਾਰ ਚਾਲਕ ਯੋਗੇਸ਼ ਵਾਸੀ ਕੈਂਬਵਾਲਾਂ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਜ਼ਮਾਨਤ ’ਤੇ ਛੱਡ ਦਿੱਤਾ।
ਟਰੱਕ ਤੇ ਐਕਟਿਵਾ ਦੀ ਟੱਕਰ ਕਾਰਨ ਦੋ ਜ਼ਖ਼ਮੀ: ਦੂਜੀ ਘਟਨਾ ਪਿੰਡ ਦੜੂਆ ਨਜ਼ਦੀਕ ਵਾਪਰੀ ਹੈ ਜਿੱਥੇ ਟਰੱਕ ਦੀ ਫੇਟ ਵੱਜਣ ਕਾਰਨ ਐਕਟਿਵਾ ਸਵਾਰ ਨੂੰਹ ਅਤੇ ਸਹੁਰੇ ਨੂੰ ਸੱਟਾਂ ਵੱਜੀਆਂ। ਜ਼ਖ਼ਮੀਆਂ ਸਹੁਰੇ ਦੀ ਪਛਾਣ ਰਣਜੀਤ ਰਾਮ ਵਾਸੀ ਟ੍ਰਿਬਿਊਨ ਕਲੋਨੀ ਬਲਟਾਨਾ ਵਜੋਂ ਹੋਈ ਹੈ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਟਰੱਕ ਚਾਲਕ ਪੰਕਜ ਕੁਮਾਰ ਵਾਸੀ ਬਿਹਾਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। ਜ਼ਿਕਰਯੋਗ ਹੈ ਕਿ ਤੇਜ਼ ਰਫ਼ਤਾਰੀ ਕਾਰਨ ਹਾਦਸੇ ਵਧ ਰਹੇ ਹਨ।