ਕਰਮਜੀਤ ਸਿੰਘ ਚਿੱਲਾ
ਬਨੂੜ, 19 ਸਤੰਬਰ
ਪਿੰਡ ਮੋਟੇਮਾਜਰਾ ਤੋਂ ਬਨੂੜ ਨਾਲ ਸਿੱਧਾ ਸੰਪਰਕ ਬਣਾਉਣ ਲਈ ਬਣਾਈ ਜਾ ਰਹੀ ਡੇਢ ਕਿਲੋਮੀਟਰ ਦੇ ਕਰੀਬ ਨਵੀਂ ਸੜਕ ਕੰਢਿਆਂ ਉੱਤੇ ਇੱਟਾਂ ਲਾਏ ਜਾਣ ਤੋਂ ਬਗੈਰ ਹੀ ਬਣਾਈ ਜਾ ਰਹੀ ਹੈ। ਪਿੰਡ ਦੇ ਵਸਨੀਕਾਂ ਨੇ ਸੜਕ ਦੀ ਚੌੜਾਈ ਪੂਰੀ ਨਾ ਹੋਣ ਅਤੇ ਪੱਥਰ ਦੀ ਘੱਟ ਮਿਕਦਾਰ ਪਾਏ ਜਾਣ ਦਾ ਵੀ ਦੋਸ਼ ਲਾਇਆ ਹੈ। ਪਿੰਡ ਦੇ ਵਸਨੀਕਾਂ ਬਲਵਿੰਦਰ ਸਿੰਘ, ਸਮਸ਼ੇਰ ਸਿੰਘ, ਗੁਰਵਿੰਦਰ ਸਿੰਘ(ਦੋਵੇਂ ਪੰਚ) ਅਤੇ ਛੱਜੂ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸੜਕ ਪਿਛਲੀ ਕਾਂਗਰਸ ਸਰਕਾਰ ਵੇਲੇ ਮਨਜ਼ੂਰ ਹੋਈ ਸੀ ਤੇ ਬਲਬੀਰ ਸਿੱਧੂ ਨੇ ਇਸ ਦਾ ਨੀਂਹ ਪੱਥਰ ਰੱਖਿਆ ਸੀ ਤੇ ਨਵੀਂ ਬਣਨ ਲਈ ਸੜਕ ਉੱਤੇ ਸਮੁੱਚੀ ਮਿੱਟੀ ਪਿੰਡ ਵਾਸੀਆਂ ਵੱਲੋਂ ਪਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਪਿੰਡ ਮੋਟੇਮਾਜਰਾ ਦਾ ਬਨੂੜ ਮੰਡੀ ਨਾਲ ਸਿੱਧਾ ਸੰਪਰਕ ਜੁੜਨਾ ਹੈ। ਉਨ੍ਹਾਂ ਦੱਸਿਆ ਕਿ ਦਸ ਫੁੱਟ ਦੀ ਥਾਂ ਸੜਕ ਦੀ ਚੌੜਾਈ ਮਸਾਂ ਨੌਂ ਫੁੱਟ ਦੇ ਕਰੀਬ ਹੀ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਇੱਟਾਂ ਵੀ ਨਹੀਂ ਲਗਾਈਆਂ ਗਈਆਂ, ਜਿਸ ਕਾਰਨ ਸੜਕ ਦਾ ਪੱਥਰ ਨਿਕਲ ਜਾਵੇਗਾ। ਉਨ੍ਹਾਂ ਪੱਥਰ ਘੱਟ ਪਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਦਖਲ ਦੀ ਮੰਗ ਕਰਦਿਆਂ ਸੜਕ ਦੀ ਚੌੜਾਈ ਪੂਰੀ ਕਰਨ, ਇੱਟਾਂ ਲਗਾਏ ਜਾਣ ਅਤੇ ਮਟੀਰੀਅਲ ਪੂਰਾ ਪਾਏ ਜਾਣ ਦੀ ਮੰਗ ਕੀਤੀ।
ਮਿੱਟੀ ਪਾ ਕੇ ਦੋਵਾਂ ਪਾਸੇ ਇੱਟਾਂ ਲਾਈਆਂ ਜਾਣਗੀਆਂ: ਜੇਈ
ਸੜਕ ਦਾ ਨਿਰਮਾਣ ਕਰਾ ਰਹੇ ਲੋਕ ਨਿਰਮਾਣ ਵਿਭਾਗ ਦੇ ਜੇਈ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਹਾਲੇ ਪੱਥਰ ਦੀ ਇੱਕ ਲੇਅਰ ਹੀ ਵਿਛਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਉੱਤੇ ਮਿੱਟੀ ਪਾਉਣ ਉਪਰੰਤ ਦੋਵੇਂ ਪਾਸੇ ਇੱਟਾਂ ਲਗਾ ਕੇ ਪੱਥਰ ਦੀ ਦੂਜੀ ਲੇਅਰ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਪਾਸੇ ਇੱਟਾਂ ਲੱਗਣ ਨਾਲ ਸੜਕ ਦੀ ਚੌੜਾਈ ਪੂਰੀ ਦਸ ਫੁੱਟ ਹੋ ਜਾਵੇਗੀ।