ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਸਤੰਬਰ
ਯੂਟੀ ਪ੍ਰਸ਼ਾਸਨ ਨੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੇ ਅੱਧੇ ਤੋਂ ਵੱਧ ਲੈਕਚਰਾਰ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਰੋਨਾ ਡਿਊਟੀ ’ਤੇ ਲਗਾ ਦਿੱਤੇ ਹਨ ਜਿਸ ਕਾਰਨ ਕਈ ਜਮਾਤਾਂ ਦੀ ਆਨਲਾਈਨ ਪੜ੍ਹਾਈ ਰੁਕ ਗਈ ਹੈ। ਇਸ ਤੋਂ ਇਲਾਵਾ ਦਾਖਲਿਆਂ ਦਾ ਕੰਮ ਵੀ ਪ੍ਰਭਾਵਿਤ ਹੋ ਗਿਆ ਹੈ। ਇਸੇ ਦੌਰਾਨ ਸਿੱਖਿਆ ਅਧਿਕਾਰੀਆਂ ਨੇ ਜਲਦੀ ਹੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਸ ਕਾਲਜ ਵਿਚ 60 ਲੈਕਚਰਾਰ ਹਨ ਜਿਨ੍ਹਾਂ ਵਿਚੋਂ 33 ਜਣੇ ਕਰੋਨਾ ਡਿਊਟੀਆਂ ’ਤੇ ਲਗਾ ਦਿੱਤੇ ਗਏ ਹਨ। ਇਸ ਸਬੰਧੀ ਹੁਕਮ ਐੱਸਡੀਐਮ (ਦੱਖਣ) ਵਲੋਂ ਜਾਰੀ ਕੀਤੇ ਗਏ ਹਨ। ਇਥੋਂ ਦੇ ਕਈ ਲੈਕਚਰਾਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਡਿਊਟੀਆਂ ਸੈਕਟਰ-39, 40, 41, 42 ਤੇ 43 ਦੇ ਰਿਹਾਇਸ਼ੀ ਖੇਤਰ ਵਿਚ ਲਗਾਈਆਂ ਗਈਆਂ ਹਨ। ਇਨ੍ਹਾਂ ਵਿਚੋਂ ਕਈ ਖੇਤਰਾਂ ਵਿਚ ਮਿਨੀ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਇਕ ਲੈਕਚਰਾਰ ਨੇ ਦੱਸਿਆ ਕਿ ਉਸ ਦੇ ਵਿਸ਼ੇ ਦੇ ਲੈਕਚਰ ਸਬੰਧੀ ਰੋਜ਼ਾਨਾ ਵਿਦਿਆਰਥੀਆਂ ਦੇ ਸਵਾਲ ਪੁੱਛਣ ਲਈ ਫੋਨ ਆਉਂਦੇ ਹਨ ਪਰ ਉਸ ਦੀ ਕਰੋਨਾ ਕਾਰਨ ਡਿਊਟੀ ਸੈਕਟਰ-39 ਵਿਚ ਲੱਗੀ ਹੋਈ ਹੈ। ਇਸੇ ਕਾਲਜ ਦੇ ਇਕ ਹੋਰ ਲੈਕਚਰਾਰ ਨੇ ਦੱਸਿਆ ਕਿ ਉਸ ਦੀ ਡਿਊਟੀ ਸੈਕਟਰ-42 ਦੇ ਰਿਹਾਇਸ਼ੀ ਖੇਤਰ ਵਿਚੋਂ ਲੋਕਾਂ ਨੂੰ ਬਾਹਰ ਨਾ ਆਉਣ ਲਈ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸੀ ਸੈਕਟਰ ਵਿਚ ਵੀ ਸਰਕਾਰੀ ਕਾਲਜ ਹੈ ਪਰ ਉਨ੍ਹਾਂ ਦੇ ਕਿਸੀ ਵੀ ਸਟਾਫ ਮੈਂਬਰ ਦੀ ਡਿਊਟੀ ਨਹੀਂ ਲਗਾਈ ਗਈ ਤੇ ਸੈਕਟਰ-46 ਦੇ ਇਕੱਠੇ ਸਟਾਫ ਦੀ ਡਿਊਟੀ ਲਗਾ ਕੇ ਵਿਤਕਰਾ ਕੀਤਾ ਗਿਆ ਹੈ। ਲੈਕਚਰਾਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਹਰ ਕਾਲਜ ਦੇ ਬਰਾਬਰ ਸਟਾਫ ਮੈਂਬਰਾਂ ਦੀ ਡਿਊਟੀ ਲਾਉਣੀ ਚਾਹੀਦੀ ਸੀ ਤਾਂ ਕਿ ਸੈਕਟਰ-46 ਦੇ ਕਾਲਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਪ੍ਰਿੰਸੀਪਲ ਦੀ ਸ਼ਿਕਾਇਤ ’ਤੇ ਬਦਲਵਾਂ ਪ੍ਰਬੰਧ ਕਰਾਂਗੇ: ਐੱਸਡੀਐਮ
ਐੱਸਡੀਐਮ (ਦੱਖਣ) ਐੱਸ. ਕੇ. ਜੈਨ ਨੇ ਦੱਸਿਆ ਕਿ ਕਾਲਜਾਂ ਦੇ ਲੈਕਚਰਾਰ ਕਾਫੀ ਸਮੇਂ ਤੋਂ ਵਿਹਲੇ ਸਨ ਤੇ ਕੌਮੀ ਆਫਤ ਸਮੇਂ ਹੀ ਇਨ੍ਹਾਂ ਦੀ ਡਿਊਟੀ ਲਗਾਈ ਗਈ ਹੈ। ਜੇ ਸਬੰਧਤ ਕਾਲਜ ਦੀ ਪ੍ਰਿੰਸੀਪਲ ਇਸ ਮਾਮਲੇ ਵਿਚ ਸ਼ਿਕਾਇਤ ਕਰੇਗੀ ਤਾਂ ਉਹ ਇਸ ਮਾਮਲੇ ਵਿਚ ਬਦਲਵਾਂ ਪ੍ਰਬੰਧ ਕਰਨਗੇ।
ਕਾਲਜ ਦੀ ਸਮੱਸਿਆ ਹੱਲ ਕੀਤੀ ਜਾਵੇਗੀ: ਸਕੱਤਰ
ਸਿੱਖਿਆ ਸਕੱਤਰ ਸਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਉਹ ਸੋਮਵਾਰ ਨੂੰ ਹੀ ਇਸ ਬਾਰੇ ਪਤਾ ਕਰ ਕੇ ਸਮੱਸਿਆ ਹੱਲ ਕਰਵਾਉਣਗੇ। ਕਾਲਜ ਦੀ ਪ੍ਰਿੰਸੀਪਲ ਰੋਜ਼ੀ ਵਾਲੀਆ ਜੋਸ਼ੀ ਨੇ ਪੁਸ਼ਟੀ ਕੀਤੀ ਕਿ ਕਾਲਜ ਦੇ 30 ਤੋਂ ਵੱਧ ਲੈਕਚਰਾਰਾਂ ਦੀ ਡਿਊਟੀ ਪਿਛਲੇ ਹਫਤੇ ਤੋਂ ਕਰੋਨਾ ਲਈ ਲਗਾਈ ਗਈ ਹੈ। ਉਨ੍ਹਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।