ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 22 ਜਨਵਰੀ
ਮੁਹਾਲੀ ਦੇ ਸੌ ਤੋਂ ਵਧੀਕ ਸਨਅਤਕਾਰਾਂ ਨੇ ਇੱਕ ਮੀਟਿੰਗ ਕਰ ਕੇ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸ੍ਰੀ ਸਿੱਧੂ ਦੇ ਵਿਕਾਸਮੁਖੀ ਏਜੰਡੇ ਅਤੇ ਕਰੋਨਾ ਸੰਕਟ ਦੌਰਾਨ ਮੁਹਾਲੀ ਦੇ ਸਨਅਤਕਾਰਾਂ ਤੇ ਸਨਅਤੀ ਮਜ਼ਦੂਰਾਂ ਲਈ ਕੀਤੇ ਕੰਮਾਂ ਲਈ ਕਾਂਗਰਸੀ ਉਮੀਦਵਾਰ ਨੂੰ ਹਮਾਇਤ ਦੇਣ ਦਾ ਫੈਸਲਾ ਲਿਆ ਹੈ।
ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਅਗਰਵਾਲ, ਮੀਤ ਪ੍ਰਧਾਨ ਵਿਵੇਕ ਕਪੂਰ, ਸਾਬਕਾ ਪ੍ਰਧਾਨ ਯੋਗੇਸ਼ ਸਾਗਰ ਨੇ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਬਲਬੀਰ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਨੇ ਸਨਅਤੀ ਖੇਤਰ ਵਿੱਚ ਵੱਡਾ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਨਿਗਮ ਵੱਲੋਂ ਪਿਛਲੇ ਦਸ ਮਹੀਨਿਆਂ ਦੇ ਕਾਰਜਕਾਲ ਦੌਰਾਨ 13 ਕਰੋੜ ਰੁਪਏ ਦੇ ਕੰਮ ਸਨਅਤੀ ਖੇਤਰ ਵਿੱਚ ਕਰਵਾਏ ਜਾ ਚੁੱਕੇ ਹਨ, ਜਦੋਂ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣੇ ਮੇਅਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਸਿਰਫ਼ ਇੱਕ ਕਰੋੜ ਰੁਪਏ ਖਰਚੇ ਸਨ। ਉਨ੍ਹਾਂ ਸਨਅਤੀ ਖੇਤਰ ਵਿੱਚ ਮੌਜੂਦ ਡੰਪਿਗ ਗਰਾਊਂਡ ਨੂੰ ਇੱਥੋਂ ਬਾਹਰ ਲੈ ਕੇ ਜਾਣ ਦੀ ਕਾਰਵਾਈ ਨੂੰ ਵੀ ਸਨਅਤਕਾਰਾਂ ਲਈ ਵੱਡੀ ਗੱਲ ਦੱਸਿਆ। ਇਸ ਮੌਕੇ ਨਰੇਸ਼ ਕਾਂਸਲ, ਕੇ.ਐੱਚ.ਐੱਸ. ਢੀਂਡਸਾ ਤੇ ਹਰੀ ਓਮ ਵਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਗਦੀਪ ਸਿੰਘ, ਰਾਜੀਵ ਗੁਪਤਾ, ਆਈ.ਐੱਸ. ਛਾਬੜਾ, ਇਕਬਾਲ ਸਿੰਘ, ਕਮਲ ਕਪੂਰ ਅਤੇ ਕੇਵਲ ਸੰਧੂ ਆਦਿ ਸਨਅਤਕਾਰ ਵੀ ਮੌਜੂਦ ਸਨ। ਇਸੇ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਗਿੱਦੜਪੁਰ, ਸੈਦਪੁਰ, ਚੱਪੜਚਿੜ੍ਹੀ ਤੇ ਕੈਲੋਂ ਆਦਿ ਪਿੰਡਾਂ ਵਿੱਚ ਭਰਵੀਆਂ ਚੋਣ ਮੀਟਿੰਗਾਂ ਕੀਤੀਆਂ। ਗਿੱਦੜਪੁਰ ਵਿੱਚ ਸਰਪੰਚ ਜਸਵਿੰਦਰ ਸਿੰਘ ਪੱਪਾ ਦੀ ਅਗਵਾਈ ਹੇਠ ਉਨ੍ਹਾਂ ਨੂੰ ਸਿੱਕਿਆਂ ਨਾਲ ਤੋਲਿਆ ਗਿਆ।