ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 8 ਅਕਤੂਬਰ
‘ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਰਾਜ ਦੇ ਲੋਕਾਂ ਲਈ ਘਰਾਂ ਨੇੜੇ ਅਤਿ-ਆਧੁਨਿਕ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਛੇਤੀ ਹੀ ਪੰਜਾਬ ਵਿੱਚ ਲੋਕਾਂ ਲਈ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ।’ ਇਹ ਗੱਲ ਮੁਹਾਲੀ ਏਅਰਪੋਰਟ ਚੌਕ ਨੇੜੇ ਕਿਸਾਨ ਵਿਕਾਸ ਭਵਨ ਵਿੱਚ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਡੈਂਟਲ ਕਾਲਜ ਦੇ ਮੈਡੀਕਲ ਅਫ਼ਸਰਾਂ (ਡੈਂਟਲ) ਲਈ ਸਾਲਾਨਾ ਰੀ-ਓਰੀਐਂਟੇਸ਼ਨ ਸਿਖਲਾਈ ਸੈਸ਼ਨ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਹੀ। ਜੌੜੇਮਾਜਰਾ ਨੇ ਕਿਹਾ ਕਿ ਡਾਕਟਰਾਂ ਲਈ ਅਜਿਹੇ ਓਰੀਐਂਟੇਸ਼ਨ ਪ੍ਰੋਗਰਾਮ ਅਕਸਰ ਕਰਵਾਏ ਜਾਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਨਵੰਬਰ ਵਿੱਚ 34ਵਾਂ ਡੈਂਟਲ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਵਿੱਚ ਸਮੂਹ ਮੈਡੀਕਲ (ਡੈਂਟਲ) ਅਫ਼ਸਰਾਂ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਸਮਾਗਮ ਵਿੱਚ ਪੰਜਾਬ ਅਤੇ ਬਾਹਰ ਆਏ ਪੰਜ ਬੁਲਾਰਿਆਂ ਨੇ ਡੈਂਟਿਸਟ੍ਰੀ ਦੇ ਵੱਖ-ਵੱਖ ਵਿਸ਼ਿਆਂ ’ਤੇ ਲੈਕਚਰ ਦਿੱਤੇ। ਇਸ ਦੌਰਾਨ ਡਾ. ਪੂਰਵਾ ਅਰੋੜਾ, ਡਾ. ਗੌਰਵ ਅਹੂਜਾ, ਡਾ. ਰਾਧੀਕਾ ਲੇਖੀ, ਡਾ. ਅੰਕੁਰ ਸ਼ਰਮਾ ਅਤੇ ਡਾ. ਪ੍ਰੀਤ ਸ਼ਰਮਾ ਨੇ ਡੈਂਟਲ ਖੇਤਰ ਦੀਆਂ ਨਵੀਆਂ ਤਕਨੀਕਾਂ ਅਤੇ ਖੋਜਾਂ ਬਾਰੇ ਚਾਨਣਾ ਪਾਇਆ।
ਹੈਲਥ ਸਰਵਿਸਿਜ਼ ਪੰਜਾਬ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਪੰਜ ਜ਼ਿਲ੍ਹਿਆਂ ਵਿੱਚ ਡੈਂਟਲ ਇੰਪਲਾਟ ਸੈਂਟਰ ਛੇਤੀ ਖੋਲ੍ਹੇ ਜਾਣਗੇ, ਜਿੱਥੇ ਆਮ ਲੋਕਾਂ ਨੂੰ ਡੈਂਟਲ ਇੰਪਲਾਂਟ (ਦੰਦ ਲਗਾਉਣ) ਦੀ ਸਹੂਲਤ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਅਗਲੇ ਵਰ੍ਹੇ ਤੋਂ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਸਰਜਰੀ ਕਰਨ ਵਾਲੇ ਮੈਡੀਕਲ (ਡੈਂਟਲ) ਅਫ਼ਸਰ ਨੂੰ ਸਾਲਾਨਾ ਰਿਓਰੀਐਂਟੇਸ਼ਨ ਟਰੇਨਿੰਗ ਸੈਸ਼ਨ ਦੌਰਾਨ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਪੀਐੱਚਐੱਸਸੀ ਦੇ ਐੱਮਡੀ ਨੀਲਿਮਾ ਸਿੰਘ, ਡਾਇਰੈਕਟਰ ਪਰਿਵਾਰ ਭਲਾਈ ਡਾ. ਰਵਿੰਦਰਪਾਲ ਕੌਰ, ਡਿਪਟੀ ਡਾਇਰੈਕਟਰ ਡੈਂਟਲ ਡਾ. ਸੁਰਿੰਦਰ ਮੱਲ, ਡਿਪਟੀ ਡਾਇਰੈਕਟਰ ਡਾ. ਜਗਦੀਸ਼ ਸਿੰਘ ਸਮੇਤ ਸਮੂਹ ਜ਼ਿਲ੍ਹਿਆਂ ਦੇ ਮੈਡੀਕਲ ਅਫ਼ਸਰ ਡੈਟਲ ਅਤੇ ਜ਼ਿਲ੍ਹਾ ਡੈਂਟਲ ਅਫ਼ਸਰ ਮੌਜੂਦ ਸਨ।