ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਮਈ
ਚੰਡੀਗੜ੍ਹ ਦੇ ਬੁੜੈਲ ਸਣੇ ਹੋਰਨਾਂ ਨਜ਼ਦੀਕੀ ਇਲਾਕਿਆਂ ਵਿੱਚ ਗੈਸਟ ਹਾਊਸ ਮਾਲਕਾਂ ਅਤੇ ਵਪਾਰੀਆਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਰਹੇ ਮੌਂਟੀ ਸ਼ਾਹ ਨੂੰ ਚੰਡੀਗੜ੍ਹ ਪੁਲੀਸ ਨੇ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਮੌਂਟੀ ਸ਼ਾਹ ਤੋਂ ਪੁੱਛ ਗਿੱਛ ਲਈ 7 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ 4 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਮੌਂਟੀ ਸ਼ਾਹ ਦੇ ਖ਼ਿਲਾਫ਼ ਚੰਡੀਗੜ੍ਹ ਵਿੱਚ 10 ਕੇਸ ਦਰਜ ਹਨ। ਜਿਨ੍ਹਾਂ ਵਿੱਚੋਂ ਤਿੰਨ ਵਿੱਚ ਸਜ਼ਾ ਹੋ ਚੁੱਕੀ ਹੈ। ਜਦਕਿ ਦੋ ਮਾਮਲੇ ਜਾਂਚ ਅਧੀਨ ਚੱਲ ਰਹੇ ਹਨ। ਪੁਲੀਸ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ 11 ਅਤੇ 12 ਅਕਤੂਬਰ ਦੀ ਰਾਤ ਨੂੰ ਬੁੜ੍ਹੈਲ ਵਿੱਚ ਮੌਂਟੀ ਸ਼ਾਹ ਨੇ ਤੀਰਥ ਸਿੰਘ ’ਤੇ ਗੋਲੀਆਂ ਚਲਾਈ ਸੀ। ਇਸ ਦੌਰਾਨ ਤੀਰਥ ਸਿੰਘ ਦਾ ਬਚਾਅ ਹੋ ਗਿਆ ਸੀ। ਪੁਲੀਸ ਨੇ ਥਾਣਾ ਸੈਕਟਰ-34 ਵਿੱਚ ਮੌਂਟੀ ਸ਼ਾਹ ਦੇ ਖ਼ਿਲਾਫ਼ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਸੀ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਨੂੰ ਗੁਪਤ ਸੂਚਨਾ ਮਿਲੀ ਕਿ ਮੌਂਟੀ ਸ਼ਾਹ ਆਪਣੀ ਪਤਨੀ ਨੂੰ ਮਿਲਣ ਲਈ ਚੰਡੀਗੜ੍ਹ ਬੱਸ ਅੱਡੇ ਦੇ ਨਜ਼ਦੀਕ ਆ ਰਿਹਾ ਹੈ। ਜਿਸ ਨੂੰ ਪੁਲੀਸ ਨੇ ਨਾਕਾਬੰਦੀ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੌਂਟੀ ਸ਼ਾਹ ਤੋਂ 2 ਪਿਸਤੌਲ ਬਰਾਮਦ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਉਹ ਮੌਂਟੀ ਸ਼ਾਹ ਦੇ ਗੈਂਗ ਮੈਂਬਰਾਂ ਬਾਰੇ ਪੜਤਾਲ ਕਰ ਰਹੀ ਹੈ।