ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜੂਨ
ਸ਼ਹਿਰ ਵਿੱਚ ਅੱਜ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸੇ ਦੌਰਾਨ ਨਗਰ ਨਿਗਮ ਦੇ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧਾਂ ਦੇ ਦਾਅਵੇ ਵੀ ਖੋਖਲੇ ਜਾਪ ਰਹੇ ਹਨ। ਅੱਜ ਸਵੇਰੇ ਅੱਧਾ ਘੰਟਾ ਮੀਂਹ ਪਿਆ ਤੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਨਗਰ ਨਿਗਮ ਵੱਲੋਂ ਹਰ ਸਾਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਢੁੱਕਵੇਂ ਪ੍ਰਬੰਧਾਂ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਮੌਨਸੂਨ ਆਉਣ ’ਤੇ ਸੜਕਾਂ ’ਤੇ ਪਾਣੀ ਭਰ ਜਾਂਦਾ ਹੈ।
ਮੀਂਹ ਕਾਰਨ ਪਿੰਡ ਕਿਸ਼ਨਗੜ੍ਹ ਦੀਆਂ ਸੜਕਾਂ ਛੱਪੜਾਂ ਵਿੱਚ ਤਬਦੀਲ ਹੋ ਗਈਆਂ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ਦੀਆਂ ਕਈ ਕਲੋਨੀਆਂ ਵਿੱਚ ਵੀ ਪਾਣੀ ਭਰਨ ਦੀ ਸੂਚਨਾ ਹੈ। ਪਿੰਡ ਦੀਆਂ ਸੜਕਾਂ ਦੀ ਹਾਲਤ ਮਾੜੀ ਹੈ ਤੇ ਚੰਡੀਗੜ੍ਹ ਦੀ ਤਰਜ਼ ’ਤੇ ਪਿੰਡਾਂ ਨੂੰ ਸਮਾਰਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਹਕੀਕਤ ਇਹ ਹੈ ਕਿ ਪਿੰਡ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਹੈ। ਬਰਸਾਤ ਕਾਰਨ ਪਾਣੀ ਭਰ ਜਾਣ ਕਾਰਨ ਰਾਹਗੀਰਾਂ ਦਾ ਸੜਕਾਂ ’ਤੇ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ।
ਇਸੇ ਦੌਰਾਨ ਚੰਡੀਗੜ੍ਹ ਨਗਰ ਨਿਗਮ ਵੱਲੋ ਸ਼ਹਿਰ ਦੀਆਂ ਰੋਡ ਗਲੀਆਂ ਦੀ ਸਫਾਈ ਦਾ ਕੰਮ ਜਾਰੀ ਹੈ। ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸ਼ਹਿਰ ਦੀਆਂ ਲਗਪਗ 85 ਫ਼ੀਸਦ ਰੋਡ ਗਲੀਆਂ ਦੀ ਸਫ਼ਾਈ ਕਰ ਲਈ ਗਈ ਹੈ ਅਤੇ ਬਾਕੀ ਬਚੀਆਂ ਰੋਡ ਗਲੀਆਂ ਨੂੰ ਆਉਣ ਵਾਲੇ 10 ਦਿਨਾਂ ਦੇ ਅੰਦਰ ਸਾਫ਼ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਸ਼ਹਿਰ ਵਿੱਚ ਪਾਣੀ ਦੀ ਰੁਕਾਵਟ ਨੂੰ ਖੋਲ੍ਹਣ ਲਈ ਨਿਗਮ ਵੱਲੋਂ 18 ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੇ ਪਬਲਿਕ ਹੈਲਥ ਵਿੰਗ ਦੇ ਸੁਪਰਡੈਂਟ ਇੰਜਨੀਅਰ ਤੋਂ ਸ਼ਹਿਰ ਦੀਆਂ ਰੋਡ ਗਲੀਆਂ ਦੀ ਸਫ਼ਾਈ ਅਤੇ ਹੋਰ ਪ੍ਰਬੰਧਾਂ ਬਾਰੇ ਰਿਪੋਰਟ ਮੰਗ ਲਈ ਹੈ, ਰਿਪੋਰਟ ਅਨੁਸਾਰ ਰੋਡ ਗਲੀਆਂ ਦੀ ਸਾਲਾਨਾ ਸਫਾਈ ਕਾਰਜਾਂ ਨੂੰ ਪੂਰਾ ਕਰਨ ਲਈ 7 ਜੁਲਾਈ ਤੱਕ ਦਾ ਟੀਚਾ ਮਿਥਿਆ ਗਿਆ ਹੈ। ਮੌਜੂਦਾ ਸਮੇਂ ਸ਼ਹਿਰ ਦੀਆਂ 35 ਹਜ਼ਾਰ ਰੋਡ ਗਲੀਆਂ ਵਿੱਚੋਂ 30 ਹਜ਼ਾਰ ਰੋਡ ਗਲੀਆਂ ਦੀ ਸਫ਼ਾਈ ਕਰ ਦਿੱਤੀ ਗਈ ਹੈ।
ਬਰਸਾਤੀ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ 18 ਟੀਮਾਂ ਬਣਾਈਆਂ
ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਉਨ੍ਹਾਂ ਨੇ ਬਰਸਾਤ ਦੇ ਮੌਸਮ ਦੌਰਾਨ ਫੀਲਡ ਵਿੱਚ ਸਰਗਰਮ ਰਹਿਣ ਲਈ ਨਿਗਮ ਦੀਆਂ ਕੁੱਲ 18 ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਇੱਕ ਐੱਸਡੀਈ ਅਤੇ ਜੇਈ ਤਾਇਨਾਤ ਰਹੇਗਾ। ਇਸ ਦੇ ਨਾਲ ਹੀ ਫਿਲਿੰਗ ਸਟੇਸ਼ਨ ਸੈਕਟਰ-15 ਵਿੱਚ ਦੋ ਕੰਟਰੋਲ ਸੈਂਟਰ ਬਣਾਏ ਗਏ ਹਨ ਤੇ ਪਾਣੀ ਖੜ੍ਹਨ ’ਤੇ ਟੈਲੀਫੋਨ ਨੰਬਰ 0172-2540200 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਮਨੀਮਾਜਰਾ (ਵਾਟਰ ਵਰਕਸ-II) ਵਿੱਚ ਟੈਲੀਫੋਨ ਨੰਬਰ 0172-2738082 ਨੂੰ 24 ਘੰਟੇ ਚਾਲੂ ਕੀਤਾ ਗਿਆ ਹੈ। ਇਥੇ ਸ਼ਹਿਰ ਵਾਸੀ ਬਰਸਾਤ ਦੌਰਾਨ ਪਾਣੀ ਭਰਨ ਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਨਿਗਮ ਦੇ ਵਰਕਰਾਂ ਦੀਆਂ 4 ਟੀਮਾਂ ਪਾਣੀ ਦੇ ਖੜੋਤ ਦੀ ਸਮੱਸਿਆ ਨਾਲ ਨਜਿੱਠਣ ਲਈ ਰਾਤ ਦੀ ਡਿਊਟੀ ’ਤੇ ਤਾਇਨਾਤ ਰਹਿਣਗੀਆਂ। ਇਹ ਟੀਮਾਂ ਪਹਿਲੀ ਜੁਲਾਈ ਤੋਂ 30 ਸਤੰਬਰ ਤੱਕ ਨਿਗਰਾਨੀ ਡਿਊਟੀ ’ਤੇ ਰਹਿਣਗੀਆਂ।