ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ. ਨਗਰ(ਮੁਹਾਲੀ), 15 ਦਸੰਬਰ
ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਮੁਹਾਲੀ ਦੀ ਏਅਰਪੋਰਟ ਰੋਡ ਉੱਤੇ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਕਰਾਏ ਗਏ ਤੀਜਾ ਸਾਲਾਨਾ ਕਬੱਡੀ ਕੱਪ ਵਿੱਚ ਸਪੋਰਟਸ ਅਕੈਡਮੀ ਮੌਲੀ ਬੈਦਵਾਣ ਦੀ ਟੀਮ ਨੇ ਫਸਵੇਂ ਮੁਕਾਬਲੇ ਵਿੱਚ ਏਸੀ ਕਟਵਾਰਾ ਕਲੱਬ ਆਸਟ੍ਰੇਲੀਆ ਨੂੰ ਹਰਾ ਕੇ 71 ਹਜ਼ਾਰ ਦਾ ਨਕਦ ਇਨਾਮ ਜਿੱਤਿਆ। ਦੋਇਮ ਰਹੀ ਟੀਮ ਨੂੰ 51 ਹਜ਼ਾਰ ਦਾ ਇਨਾਮ ਦਿੱਤਾ ਗਿਆ। ਸੁੱਖੀ ਖੁੱਡਾ ਅਲੀਸ਼ੇਰ ਨੂੰ ਬਿਹਤਰੀਨ ਧਾਵੀ ਅਤੇ ਰੱਜੀ ਭੁੱਲਾ ਨੂੰ ਬਿਹਤਰੀਨ ਜਾਫ਼ੀ ਦੇ ਸਨਮਾਨ ਵਜੋਂ 21-21 ਹਜ਼ਾਰ ਦੀ ਰਾਸ਼ੀ ਭੇਟ ਕੀਤੀ ਗਈ। ਸੈਂਕੜੇ ਦਰਸ਼ਕਾਂ ਨੇ ਦਰਜਨਾਂ ਕਬੱਡੀ ਟੀਮਾਂ ਦੀ ਖੇਡ ਦਾ ਆਨੰਦ ਮਾਣਿਆ। ਕਬੱਡੀ ਕੋਚ ਅਤੇ ਕਲੱਬ ਦੇ ਪ੍ਰਧਾਨ ਮਾਸਟਰ ਭੁਪਿੰਦਰ ਸਿੰਘ ਕੁੰਭੜਾ, ਮੱਖਣ ਕਜਹੇੜੀ, ਬਿੰਦਾ ਕਜਹੇੜੀ, ਜਗਤਾਰ ਗਿੱਲ ਚਿੱਲਾ, ਕਰਮਜੀਤ ਢੇਲਪੁਰ, ਮਾਸਟਰ ਹਰਬੰਸ ਸਿੰਘ ਤੇ ਖੰਡਾ ਮੌਲੀ ਦੀ ਅਗਵਾਈ ਹੇਠ ਹੋਏ ਕਬੱਡੀ ਕੱਪ ਦਾ ਉਦਘਾਟਨ ਅਮਰਾਓ ਸਿੰਘ ਬੈਦਵਾਣ ਯੂਕੇ ਅਤੇ ਮੌਲੀ ਬੈਦਵਾਣ ਦੇ ਸਰਪੰਚ ਬੀਕੇ ਗੋਇਲ ਨੇ ਕੀਤਾ। ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਸਪੁੱਤਰ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕੀਤੀ। ਇਸ ਮੌਕੇ ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ ਮੌਲੀ, ਸਾਬਕਾ ਕੌਮਾਂਤਰੀ ਕਬੱਡੀ ਖਿਡਾਰੀ ਗੱਬਰ ਬੈਦਵਾਣ ਨੇ ਵੀ ਸ਼ਿਰਕਤ ਕੀਤੀ। ਪਿੰਡ ਪਿਓਰ ਵਿੱਚ ਕਬੱਡੀ ਦੇ ਮੁਕਾਬਲਿਆਂ ਵਿੱਚ ਮਨਾਣਾ ਦੀ ਟੀਮ ਪਹਿਲੇ ਅਤੇ ਮਨੌਲੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਜੇਤੂ ਟੀਮ ਨੂੰ ਗਿਆਰਾਂ ਹਜ਼ਾਰ ਅਤੇ ਉੱਪ ਜੇਤੂ ਟੀਮ ਨੂੰ ਅੱਠ ਹਜ਼ਾਰ ਦਾ ਇਨਾਮ ਦਿੱਤਾ ਗਿਆ।