ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 1 ਅਪਰੈਲ
ਮੁਹਾਲੀ ਦੇ ਨਵੇਂ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਉਹ ਰੂਪਨਗਰ ਤੋਂ ਬਦਲ ਕੇ ਇੱਥੇ ਆਏ ਹਨ। ਦਫ਼ਤਰ ਪਹੁੰਚਣ ’ਤੇ ਪੰਜਾਬ ਪੁਲੀਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਐੱਸਐੱਸਪੀ ਵਿਵੇਕ ਸ਼ੀਲ ਸੋਨੀ ਨੇ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਮਿੱਥੇ ਸਮੇਂ ’ਚ ਹੱਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸਐੱਸਪੀ ਸੋਨੀ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਵਿੱਚ ਧੋਖੇਬਾਜ਼ ਟਰੈਵਲ ਏਜੰਟਾਂ, ਇਮੀਗਰੇਸ਼ਨ ਤੇ ਜ਼ਮੀਨ ਦੀ ਧੋਖਾਧੜੀ ਦੇ ਮਾਮਲਿਆਂ ਨੂੰ ਸਖ਼ਤੀ ਨਾਲ ਠੱਲ੍ਹ ਪਾਈ ਜਾਵੇਗੀ।
ਉਨ੍ਹਾਂ ਸਟ੍ਰੀਟ ਕਰਾਈਮ ਰੋਕਣ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਉਪਰੰਤ ਐੱਸਐੱਸਪੀ ਨੇ ਸੀਨੀਅਰ ਪੁਲੀਸ ਅਫ਼ਸਰਾਂ, ਦਫ਼ਤਰੀ ਸਟਾਫ਼ ਅਤੇ ਥਾਣਾ ਮੁਖੀਆਂ ਨਾਲ ਮੀਟਿੰਗ ਕਰ ਕੇ ਸੇਵਾ ਭਾਵਨਾ ਡਿਊਟੀ ਕਰਨ ਅਤੇ ਲੋਕਾਂ ਨਾਲ ਪਿਆਰ ਨਾਲ ਪੇਸ਼ ਆਉਣ ਦੀ ਤਾਕੀਦ ਕੀਤੀ।