ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਜੂਨ
ਇੱਥੋਂ ਦੇ ਫੇਜ਼-6 ਸਥਿਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਮਈ ਪ੍ਰਾਜੈਕਟ ਏਸੀ ਬੱਸ ਅੱਡੇ ’ਤੇ ਸੋਮਵਾਰ ਨੂੰ ਰੌਣਕਾਂ ਪਰਤ ਆਈਆਂ ਹਨ। ਪਿਛਲੇ ਕਾਫੀ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਰਿਹਾ ਇਹ ਬੱਸ ਅੱਡਾ ਮੌਜੂਦਾ ਸਮੇਂ ਵਿੱਚ ਬੰਦ ਸੀ। ਹਾਲਾਂਕਿ ਪਹਿਲਾਂ ਇੱਕਾ ਦੁੱਕਾ ਬੱਸਾਂ ਹੀ ਅੱਡੇ ਅੰਦਰ ਆਉਂਦੀਆਂ ਸਨ ਪ੍ਰੰਤੂ ਕਰੋਨਾਵਾਇਰਸ ਦੀ ਮਹਾਮਾਰੀ ਦੇ ਲਗਾਤਾਰ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਪੰਜਾਬ ਲਈ ਬੱਸਾਂ ਦੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਸੀ ਪ੍ਰੰਤੂ ਅੱਜ ਕਾਫੀ ਸਮੇਂ ਬਾਅਦ ਇਸ ਬੱਸ ਅੱਡੇ ’ਤੇ ਚਹਿਲ ਪਹਿਲ ਦੇਖਣ ਨੂੰ ਮਿਲੀ। ਸੋਮਵਾਰ ਸਵੇਰੇ 5 ਵਜੇ ਤੋਂ ਇੱਥੋਂ ਪੰਜਾਬ ਦੇ ਵੱਖ-ਵੱਖ ਵੱਡੇ ਸ਼ਹਿਰਾਂ ਲਈ ਸਰਕਾਰੀ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਗਈ। ਅੱਜ ਮੁਹਾਲੀ ਤੋਂ ਪੰਜਾਬ ਵਿੱਚ ਵੱਖ-ਵੱਖ ਰੂਟਾਂ ’ਤੇ ਇਥੋਂ ਬੱਸਾਂ ਗਈਆਂ।
ਅੱਡਾ ਇੰਚਾਰਜ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਏਸੀ ਬੱਸ ਅੱਡੇ ’ਤੇ ਸੋਸ਼ਲ ਡਿਸਟੈਂਸਿੰਗ ਸਮੇਤ ਹੋਰ ਨਿਯਮਾਂ ਦਾ ਵੀ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਅੱਡਾ ਇੰਚਾਰਜ ਨੇ ਦੱਸਿਆ ਕਿ ਅੱਜ ਤੋਂ ਪੰਜਾਬ ਵਿੱਚ ਚੱਲਣ ਵਾਲੀਆਂ ਪੰਜਾਬ ਰੋਡਵੇਜ ਦੀਆਂ ਬੱਸਾਂ ਦੀ ਮੁਹਾਲੀ ਦੇ ਏਸੀ ਬੱਸ ਅੱਡੇ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਬੱਸ ਅੱਡੇ ਦੀ ਥਾਂ ਹੁਣ ਇਹ ਸਾਰੀਆਂ ਬੱਸਾਂ ਮੁਹਾਲੀ ਤੋਂ ਹੀ ਚੱਲਣਗੀਆਂ ਅਤੇ ਰਾਤ ਨੂੰ ਇੱਥੇ ਹੀ ਠਹਿਰਾਅ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁਹਾਲੀ ਬੱਸ ਅੱਡੇ ਤੋਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ ਅਤੇ ਪਠਾਨਕੋਟ ਰੂਟਾਂ ਲਈ ਰਵਾਨਾ ਹੋਣ ਵਾਲੀਆਂ ਇਹ ਬੱਸਾਂ ਰਸਤੇ ਵਿੱਚ ਕਿਤੇ ਨਹੀਂ ਰੁਕਣਗੀਆਂ। ਉਨ੍ਹਾਂ ਦੱਸਿਆ ਕਿ ਇੱਕ ਬੱਸ ਵਿੱਚ ਸਿਰਫ਼ 25 ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਉਧਰ, ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਜ਼ਿਲ੍ਹਾ ਪੁਲੀਸ ਟਰੈਫ਼ਿਕ ਜ਼ੋਨ-1 ਦੇ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਸੂਦ ਨੇ ਦੱਸਿਆ ਕਿ ਮੁਹਾਲੀ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।