ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 2 ਜਨਵਰੀ
ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖ਼ਿਲਾਫ਼ ਰੋਹ ਭਖਦਾ ਜਾ ਰਿਹਾ ਹੈ। ਅੱਜ ਇੱਥੋਂ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਸਮਾਜ ਸੇਵੀ ਆਗੂ ਜਗਦੇਵ ਸਿੰਘ ਮਲੋਆ ਦੀ ਅਗਵਾਈ ਹੇਠ ਇਲਾਕੇ ਦੇ ਨੌਜਵਾਨਾਂ ਅਤੇ ਬੀਬੀਆਂ ਦਾ ਕਾਫ਼ਲਾ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣ ਲਈ ਦਿੱਲੀ ਲਈ ਰਵਾਨਾ ਹੋਇਆ। ਇਨ੍ਹਾਂ ਵਿਅਕਤੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੇਸ਼ ਦੇ ਹੁਕਮਰਾਨਾਂ ਨੂੰ ਕੋਸਿਆ। ਸ੍ਰੀ ਮਲੋਆ ਨੇ ਦੱਸਿਆ ਕਿ ਉਹ ਚੌਥਾ ਜਥਾ ਲੈ ਕੇ ਦਿੱਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਹੈ ਬਲਕਿ ਤਿੰਨੇ ਕਾਲੇ ਕਾਨੂੰਨ ਸਾਰੇ ਵਰਗਾਂ ਦੇ ਲੋਕਾਂ ਦੇ ਖ਼ਿਲਾਫ਼ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਕਾਨੂੰਨ ਤੁਰੰਤ ਵਾਪਸ ਲਏ ਜਾਣ ਅਤੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਘੱਟੋ-ਘੱਟ 20 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਮੌਕੇ ਗੁਰਦੁਆਰੇ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਟਿਵਾਣਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਦੇ ਸੰਘਰਸ਼ ਲਈ ਗੁਰਦੁਆਰੇ ਵੱਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਹੈੱਡ ਗਰੰਥੀ ਨੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਇਸ ਮੌਕੇ ਅਮਰੀਕ ਸਿੰਘ ਰੁੜਕੀ, ਸਵਰਨਜੀਤ ਸੋਹੀ, ਗੁਰਦੀਪ ਸੈਣੀ ਮਾਜਰਾ, ਹਰਵਿੰਦਰ ਸਿੰਘ, ਸ਼ੁਭਮ ਗਿਰੀ, ਭੁਪਿੰਦਰ ਸਿੰਘ ਸਾਬਕਾ ਸਰਪੰਚ, ਸੋਨੀ ਚੰਦਪੁਰ, ਬਿੱਲਾ ਰੁੜਕੀ, ਬਲਵਿੰਦਰ ਕੌਰ, ਬਲਜਿੰਦਰ ਕੌਰ, ਜਸ ਚਾਹਲ, ਦਵਿੰਦਰ ਸਿਸਵਾਂ ਮੌਜੂਦ ਸਨ।
ਸ਼ੰਭੂ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਅੰਬਾਲਾ (ਰਤਨ ਸਿੰਘ ਢਿੱਲੋਂ): ਕੜਾਕੇ ਦੀ ਠੰਢ ਅਤੇ ਬਾਰਸ਼ ਦੇ ਬਾਵਜੂਦ ਸ਼ੰਭੂ ਟੌਲ ਪਲਾਜ਼ਾ ’ਤੇ ਕਿਸਾਨਾਂ ਦਾ ਧਰਨਾ ਜਾਰੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਤੇ ਖੇਤੀ ਕਾਨੂੰਨ ਰੱਦ ਕਰਨ ਲਈ ਕਿਹਾ। ਭਾਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਨੇ ਕਿਹਾ ਕਿ ਭਾਵੇਂ ਤੂਫਾਨ ਵੀ ਆ ਜਾਵੇ, ਉਹ ਰੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਖੇਤ ’ਚੋਂ ਨਿਕਲ ਕੇ ਜੰਗ ਦੇ ਮੈਦਾਨ ਵਿਚ ਆ ਗਏ ਹਨ ਅਤੇ ਜਿੱਤ ਹਾਸਲ ਕਰ ਕੇ ਹੀ ਮੁੜਨਗੇ। ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਸਬੰਧੀ ਟਿੱਪਣੀ ਕਰਦਿਆਂ ਗੁਲਾਬ ਸਿੰੰਘ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੰਦੋਲਨ ਦੌਰਾਨ 50 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕਿਸੇ ਵੀ ਭਾਜਪਾ ਨੇਤਾ ਨੇ ਜਾਂ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿਚ ਸ਼ਹੀਦਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਉਨ੍ਹਾਂ ਨੇ ਉਮੀਦ ਜਤਾਈ ਕਿ 4 ਜਨਵਰੀ ਨੂੰ ਕੋਈ ਚੰਗੀ ਖਬਰ ਮਿਲੇਗੀ। ਇਸੇ ਦੌਰਾਨ ਅੱਜ 9ਵੇਂ ਦਿਨ ਵੀ ਵਾਹਨਾਂ ਦੀ ਆਵਾਜਾਈ ਟੌਲ ਫਰੀ ਰਹੀ।