ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਮਈ
ਮੁਹਾਲੀ ਦੇ ਰਿਹਾਇਸ਼ੀ ਅਤੇ ਸਨਅਤੀ ਏਰੀਆ ਵਿੱਚ 30 ਮਈ ਅਤੇ 31 ਮਈ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ 2 ਦੇ ਕਾਰਜਕਾਰੀ ਇੰਜਨੀਅਰ (ਐਕਸੀਅਨ) ਸੁਨੀਲ ਕੁਮਾਰ ਨੇ ਦੱਸਿਆ ਕਿ ਕਜੌਲੀ ਵਾਟਰ ਵਰਕਸ ਵਿੱਚ ਮੇਨ ਹਾਈਡਲ ਦੀ ਜ਼ਰੂਰੀ ਮੁਰੰਮਤ ਕਰਨ ਲਈ ਸੋਮਵਾਰ ਨੂੰ ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਿੱਧੀ ਸਪਲਾਈ ਸਕੀਮ ਫੇਜ਼-1 ਅਤੇ ਫੇਜ਼-2 ਅਧੀਨ ਬੰਦ ਰਹੇਗੀ। ਇਸ ਕਾਰਨ ਮੁਹਾਲੀ ਦੇ ਰਿਹਾਇਸ਼ੀ ਖੇਤਰ ਫੇਜ਼-1 ਤੋਂ ਫੇਜ਼-6 ਅਤੇ ਫੇਜ਼-3ਏ, ਫੇਜ਼-3ਬੀ1, ਫੇਜ਼-3ਬੀ2 ਸਮੇਤ ਪਿੰਡ ਮਦਨਪੁਰ, ਸ਼ਾਹੀ ਮਾਜਰਾ ਅਤੇ ਸਨਅਤੀ ਏਰੀਆ ਫੇਜ਼-1 ਤੋਂ ਫੇਜ਼-5 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਦੁਪਹਿਰ ਸਮੇਂ ਪਾਣੀ ਦੀ ਸਪਲਾਈ ਬਿਲਕੁੱਲ ਵੀ ਨਹੀਂ ਹੋਵੇਗੀ ਜਦੋਂਕਿ ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਸਵੇਰੇ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਕ ਹੀ ਹੋਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਸ ਸਥਿਤੀ ਵਿੱਚ ਜਲ ਸਪਲਾਈ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।