ਦਰਸ਼ਨ ਸਿੰਘ ਸੋਢੀ
ਮੁਹਾਲੀ, 28 ਨਵੰਬਰ
ਅੱਜ ਇਥੇ ਫੇਜ਼-9 ਦੇ ਬਾਜ਼ਾਰਾਂ ਵਿੱਚ ਸਰਵ ਸਿੱਖਿਆ ਅਭਿਆਨ/ਮਿੱਡ ਡੇਅ ਮੀਲ ਦਫ਼ਤਰੀ ਕੱਚੇ ਕਰਮਚਾਰੀਆਂ ਵੱਲੋਂ ਸਰਕਾਰ ਦੇ ਫੋਕੇ ਐਲਾਨਾਂ ਦਾ ਭੰਡੀ ਪ੍ਰਚਾਰ ਕਰਨ ਲਈ ਪੈਦਲ ਰੋਸ ਮਾਰਚ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 11 ਨਵੰਬਰ ਨੂੰ ਵਿਧਾਨ ਸਭਾ ਵਿਚ ਨਵਾਂ ਐਕਟ ਪਾਸ ਕਰਦੇ ਹੋਏ 36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ 17 ਦਿਨ ਬੀਤਣ ’ਤੇ ਵੀ ਐਕਟ ਵਿਭਾਗਾਂ ਨੂੰ ਨਹੀ ਭੇਜਿਆ ਗਿਆ। ਮੁਲਾਜ਼ਮ ਜਦੋਂ ਵੀ ਵਿਭਾਗੀ ਅਧਿਕਾਰੀਆ ਨੂੰ ਮਿਲਦੇ ਹਨ ਉੱਚ ਅਧਿਕਾਰੀਆ ਵੱਲੋਂ ਕਿਹਾ ਜਾਂਦਾ ਹੈ ਕਿ ਜੇ ਸਾਡੇ ਕੋਲ ਸਰਕਾਰ ਦਾ ਨੋਟੀਫਿਕੇਸ਼ਨ ਆਵੇਗਾ ਤਾਂ ਹੀ ਕਾਰਵਾਈ ਆਰੰਭੀ ਜਾ ਸਕਦੀ ਹੈ। ਆਗੂਆ ਨੇ ਕਿਹਾ ਕਿ ਸਰਕਾਰ ਦੀ ਨੀਅਤ ਵਿਚ ਖੋਟ ਹੈ ਅਤੇ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਸਿੱਖਿਆ ਭਵਨ ਦੇ ਬਾਹਰ 6 ਦਿਨਾਂ ਤੋਂ ਪੱਕਾ ਧਰਨਾ ਜਾਰੀ ਹੈ। ਯੂਨੀਅਨ ਪੰਜਾਬ ਦੇ ਆਗੂ ਵਿਕਾਸ ਕੁਮਾਰ, ਅਸ਼ੀਸ਼ ਜੁਲਾਹਾ, ਚਮਕੌਰ ਸਿੰਘ, ਦਵਿੰਦਰਜੀਤ ਸਿੰਘ, ਬਲਜਿੰਦਰ ਸਿੰਘ ਅਤੇ ਯੁਵਰਾਜ ਸ਼ਰਮਾ ਨੇ ਕਿਹਾ ਕਿ ਜਿਵੇਂ ਵੋਟਾਂ ਦੇ ਦਿਨਾਂ ਵਿੱਚ ਸਿਆਸੀ ਪਾਰਟੀਆਂ ਵੱਲੋਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਜਾਂਦੀਆਂ ਹਨ, ਉਸੇ ਤਰ੍ਹਾਂ ਜਥੇਬੰਦੀ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦੇ ਝੂਠੇ ਐਲਾਨਾਂ ਦੀ ਪੋਲ ਖੋਲ੍ਹਣ ਲਈ ਹਰ ਘਰ, ਗਲੀ ਮੁਹੱਲੇ, ਬਜ਼ਾਰਾਂ ਵਿੱਚ ਭੰਡੀ ਪ੍ਰਚਾਰ ਕੀਤਾ ਜਾਵੇਗਾ।