ਦਰਸ਼ਨ ਸਿੰਘ ਸੋਢੀ
ਮੁਹਾਲੀ, 14 ਮਈ
ਪੰਜਾਬ ਪੁਲੀਸ ਲੋਕਾਂ ਦੀ ਸੁਰੱਖਿਆ ਦੇ ਨਾਲ-ਨਾਲ ਹੁਣ ਕੋਵਿਡ ਮਰੀਜ਼ਾਂ ਨੂੰ ਘਰਾਂ ਵਿੱਚ ਖਾਣਾ ਪਰੋਸੇਗੀ। ਇਸ ਸਬੰਧੀ ਇੱਥੋਂ ਦੇ ਸੋਹਾਣਾ ਥਾਣਾ ਕੰਪਲੈਕਸ ਵਿੱਚ ਮਾਡਰਨ ਰਸੋਈ ਬਣਾਈ ਗਈ ਹੈ। ਅੱਜ ਇੱਥੇ ਮੁਹਾਲੀ ਦੇ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਕਰੋਨਾ ਦੀ ਦੂਜੀ ਲਹਿਰ ਕਾਫ਼ੀ ਖ਼ਤਰਨਾਕ ਹੈ ਅਤੇ ਕਈ ਥਾਵਾਂ ’ਤੇ ਪੂਰਾ ਟੱਬਰ ਹੀ ਕਰੋਨਾ ਤੋਂ ਪੀੜਤ ਹੈ। ਡੀਜੀਪੀ ਦਿਨਕਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲੀਸ ਵੱਲੋਂ ਕਰੋਨਾ ਪੀੜਤਾਂ ਨੂੰ ਘਰਾਂ ਵਿੱਚ ਖਾਣਾ ਸਪਲਾਈ ਕੀਤਾ ਜਾਵੇਗਾ। ਪੁਲੀਸ ਦੀ ਰਸੋਈ 24 ਘੰਟੇ ਖੁੱਲ੍ਹੀ ਰਹੇਗੀ। ਐੱਸਪੀ ਨੇ ਦੱਸਿਆ ਕਿ ਪੁਲੀਸ ਦੀ ਰਸੋਈ ਵਿੱਚ ਪੂਰੀ ਸਾਫ਼ ਸਫ਼ਾਈ ਨਾਲ ਖਾਣਾ ਤਿਆਰ ਕੀਤਾ ਜਾਵੇਗਾ ਅਤੇ ਖਾਣਾ ਬਣਾਉਣੇ ਸਮੇਂ ਪੂਰੀ ਤਰ੍ਹਾਂ ਕੋਵਿਡ ਨਿਯਮਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਕਰੋਨਾ ਪੀੜਤ ਮਰੀਜ਼ਾਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਘਰਾਂ ਵਿੱਚ ਖਾਣਾ ਸਪਲਾਈ ਕੀਤਾ ਜਾਵੇਗਾ। ਇਸ ਸਬੰਧੀ ਪੀਸੀਆਰ ਦੇ ਵਾਹਨਾਂ ਅਤੇ ਡਲਿਵਰੀ ਬੁਲਾਏ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਡੀਐੱਸਪੀ (ਐੱਚ) ਰਮਨਦੀਪ ਸਿੰਘ ਨੂੰ ਨੋਡਲ ਅਫ਼ਸਰ ਬਣਾਇਆ ਗਿਆ ਹੈ। ਕੋਈ ਵੀ ਲੋੜਵੰਦ ਵਿਅਕਤੀ ਪੁਲੀਸ ਨੂੰ ਆਪਣੀ ਸਮੱਸਿਆ ਦੱਸ ਕੇ ਖਾਣਾ ਮੰਗਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨੋਡਲ ਅਫ਼ਸਰ ਵੱਲੋਂ ਰੋਜ਼ਾਨਾ ਤਿਆਰ ਕੀਤੇ ਖਾਣੇ ਅਤੇ ਕੋਵਿਡ ਮਰੀਜ਼ਾਂ ਦੀਆਂ ਕਾਲਾਂ ਅਤੇ ਉਨ੍ਹਾਂ ਨੂੰ ਸਪਲਾਈ ਕੀਤੇ ਭੋਜਣ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ। ਇਸ ਦੌਰਾਨ ਐਸਪੀ ਵਿਰਕ ਅਤੇ ਹੋਰਨਾਂ ਅਧਿਕਾਰੀਆਂ ਨੇ ਰਸੋਈ ਦਾ ਨਿਰੀਖਣ ਕੀਤਾ ਅਤੇ ਖਾਣਾ ਤਿਆਰ ਕਰਨ ਤੋਂ ਲੈ ਕੇ ਪੈਕਿੰਗ ਕਰਨ ਅਤੇ ਘਰਾਂ ਵਿੱਚ ਸਪਲਾਈ ਕਰਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 6 ਥਾਣੇ ਤੇ ਚੌਕੀਆਂ ਹਨ। ਇਨ੍ਹਾਂ ਅਧੀਨ ਆਉਂਦੇ ਖੇਤਰ ਵਿੱਚ ਪੁਲੀਸ ਕਰੋਨਾ ਪੀੜਤਾਂ ਨੂੰ ਖਾਣਾ ਸਪਲਾਈ ਕਰੇਗੀ। ਇਸ ਮੌਕੇ ਡੀਐੱਸਪੀ ਦੀਪ ਕੰਵਲ, ਸੋਹਾਣਾ ਥਾਣਾ ਦੇ ਐੱਸਐੱਚਓ ਭਗਵੰਤ ਸਿੰਘ ਹਾਜ਼ਰ ਸਨ।