ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਫਰਵਰੀ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟ-ਖੋਹ ਦੀ ਵਾਰਦਾਤ ਨੂੰ 48 ਘੰਟਿਆਂ ਦੇ ਅੰਦਰ ਸੁਲਝਾ ਕੇ ਦੋ ਵਿਅਕਤੀਆਂ ਨੂੰ ਲੁੱਟ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਪ੍ਰੀਤ ਸਿੰਘ (30) ਵਾਸੀ ਪਿੰਡ ਜਵਾਹਰਪੁਰ (ਡੇਰਾਬੱਸੀ) (ਜੋ ਜਵਾਹਰਪੁਰ ਵਿਖੇ ਮਹਿੰਦਰਾ ਪਿੱਕ-ਅੱਪ ਗੱਡੀ ਦੇ ਡਰਾਈਵਰ ਦੀ ਨੌਕਰੀ ਕਰਦਾ ਹੈ) ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ 17 ਫਰਵਰੀ ਨੂੰ ਉਹ ਪਿੰਡ ਘਟੌਰ ਸਥਿਤ ਜੀਬੀ ਇੰਟਰਪ੍ਰਾਈਜਿਜ਼ ਵਿੱਚ ਮਾਲ ਲਾਹ ਕੇ ਅਤੇ ਇਕ ਲੱਖ ਰੁਪਏ ਲੈ ਕੇ ਵਾਪਸ ਲਾਂਡਰਾਂ-ਬਨੂੜ ਸੜਕ ਰਾਹੀਂ ਡੇਰਾਬੱਸੀ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਦੈੜੀ ਤੋਂ ਅੱਗੇ ਪੁੱਜਾ ਤਾਂ ਇੱਕ ਸਵਿਫ਼ਟ ਕਾਰ ਵਿੱਚ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਗੱਡੀ ਦੇ ਅੱਗੇ ਕਾਰ ਲਗਾ ਕੇ ਗੱਡੀ ਰੁਕਵਾ ਲਈ ਅਤੇ ਲੋਹੇ ਦੀ ਰਾਡ ਮਾਰ ਕੇ ਤਾਕੀ ਦਾ ਸ਼ੀਸ਼ਾ ਤੋੜ ਕੇ ਉਸ ਨੂੰ ਬਾਹਰ ਕੱਢ ਲਿਆ। ਮੁਲਜ਼ਮਾਂ ਨੇ ਹਥਿਆਰ ਨਾਲ ਡਰਾ-ਧਮਕਾ ਕੇ ਉਸ ਦੀ ਮਹਿੰਦਰਾ ਪਿੱਕਅੱਪ ਦੇ ਡੈਸ਼ ਬੋਰਡ ਵਿੱਚ ਪਏ ਇਕ ਲੱਖ ਰੁਪਏ, ਮੋਬਾਈਲ ਫੋਨ ਅਤੇ ਗੱਡੀ ਦੀ ਚਾਬੀ ਖੋਹ ਲਈ ਤੇ ਫਰਾਰ ਹੋ ਗਏ ਸਨ।
ਐੱਸਐੱਸਪੀ ਨੇ ਦੱਸਿਆ ਕਿ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਐੱਸਪੀ ਹਰਮਨਦੀਪ ਸਿੰਘ ਹਾਂਸ, ਡੀਐੱਸਪੀ ਗੁਰਚਰਨ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਨੂੰ ਮਾਮਲੇ ਦੀ ਜਾਂਚ ਸੌਪੀ ਗਈ। ਜਾਂਚ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਦੋ ਦਿਨਾਂ ਦੇ ਅੰਦਰ ਇਸ ਵਾਰਦਾਤ ਨੂੰ ਹੱਲ ਕਰਕੇ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਉਰਫ਼ ਗੱਭਰੂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮੁਲਜ਼ਮਾਂ ਕੋਲੋਂ ਲੁੱਟ ਦੀ ਰਾਸ਼ੀ ਇਕ ਲੱਖ ਰੁਪਏ ਵੀ ਬਰਾਮਦ ਕਰ ਲਈ।
ਸ਼ਿਕਾਇਤਕਰਤਾ ਗੱਡੀ ਚਾਲਕ ਹੀ ਨਿਕਲਿਆ ਮੁੱਖ ਮੁਲਜ਼ਮ: ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਗੱਡੀ ਚਾਲਕ ਖ਼ੁਦ ਹੀ ਮੁਲਜ਼ਮ ਨਿਕਲਿਆ ਹੈ ਜਿਸ ਨੇ ਆਪਣੇ ਸਾਥੀ ਮਨਿੰਦਰ ਸਿੰਘ ਉਰਫ਼ ਗੱਭਰੂ ਵਾਸੀ ਪਿੰਡ ਜਵਾਹਰਪੁਰ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਘੜੀ ਸੀ।
ਪੁਲੀਸ ਮੁਲਾਜ਼ਮ ਚੋਰੀ ਦੇ ਦੋਸ਼ ਹੇਠ ਕਾਬੂ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਇਥੇ ਮੋਟਰਸਾਈਕਲ ਸਵਾਰ ਤੋਂ ਲਿਫ਼ਟ ਲੈ ਕੇ ਉਸ ਦੇ ਬੈੱਗ ਵਿੱਚੋਂ ਡੇਢ ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਹੇਠ ਚੰਡੀਗੜ੍ਹ ਪੁਲੀਸ ਨੇ ਇਕ ਮੁਲਜ਼ਮ ਨੂੰ 90 ਹਜ਼ਾਰ ਰੁਪਏ ਸਣੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਲਵਪ੍ਰੀਤ ਸਿੰਘ (28) ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਉਹ ਪੰਜਾਬ ਪੁਲੀਸ ਦਾ ਮੁਲਾਜ਼ਮ ਹੈ ਅਤੇ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਦੇ ਗੇਟ ’ਤੇ ਤੈਨਾਤ ਸੀ। ਇਹ ਕਾਰਵਾਈ ਥਾਣਾ ਸੈਕਟਰ-26 ਦੀ ਪੁਲੀਸ ਨੇ ਆਕਾਸ਼ਦੀਪ ਵਾਸੀ ਮੁਹਾਲੀ ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਹ ਪੈਟ੍ਰੋਲ ਪੰਪ ’ਤੇ ਬਤੌਰ ਕੈਸ਼ੀਅਰ ਕੰਮ ਕਰਦਾ ਹੈ ਤੇ ਨਕਦੀ ਜਮ੍ਹਾਂ ਕਰਵਾਉਣ ਲਈ ਪੰਚਕੂਲਾ ਦਫ਼ਤਰ ਜਾ ਰਿਹਾ ਸੀ। ਇਸੇ ਦੌਰਾਨ ਖਾਕੀ ਵਰਦੀ ਵਾਲੇ ਵਿਅਕਤੀ ਨੇ ਸੈਕਟਰ-26 ਅਨਾਜ ਮੰਡੀ ਤੱਕ ਲਿਫਟ ਮੰਗੀ। ਲਿਫਟ ਦੇਣ ਮਗਰੋਂ ਉਸ ਨੇ ਵੇਖਿਆ ਤਾਂ ਬੈੱਗ ਵਿੱਚੋਂ ਡੇਢ ਲੱਖ ਰੁਪਏ ਗਾਇਬ ਸਨ। ਪੁਲੀਸ ਨੇ ਲਵਪ੍ਰੀਤ ਸਿੰਘ ਨੂੰ ਪੰਜਾਬ ਸਕੱਤਰੇਤ ਕੋਲੋਂ ਕਾਬੂ ਕਰਕੇ 90 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ।