ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 1 ਜੁਲਾਈ
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਜਸਪ੍ਰੀਤ ਸਿੰਘ ਉਰਫ਼ ਬਿੱਲਾ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਅਤੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕਰ ਕੇ ਤਿੰਨ ਮੁਲਜ਼ਮਾਂ ਪ੍ਰਗਟ ਸਿੰਘ, ਕਰਮਜੀਤ ਸਿੰਘ ਉਰਫ਼ ਲੱਕੀ ਅਤੇ ਸਤਵੰਤ ਸਿੰਘ ਉਰਫ਼ ਬਿੱਟੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸੋਹਾਣਾ ਥਾਣੇ ਵਿੱਚ ਦਰਜ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਤਿੰਨ ਸਾਥੀ ਲਵਪ੍ਰੀਤ ਸਿੰਘ ਵਾਸੀ ਪਿੰਡ ਨਾਗੋਕੋ (ਤਰਨ ਤਾਰਨ), ਨਵਦੀਪ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਸ਼ਾਦੀਪੁਰ (ਪਟਿਆਲਾ) ਅਤੇ ਰਣਜੀਤ ਸਿੰਘ ਵਾਸੀ ਪਟਿਆਲਾ ਹਾਲੇ ਫ਼ਰਾਰ ਹਨ ਜਿਨ੍ਹਾਂ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।
ਐੱਸਐੱਸਪੀ ਨੇ ਦੱਸਿਆ ਕਿ ਟੀਮ ਨੇ ਅੰਨ੍ਹੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਅਤੇ ਵਾਹਨ ਚੋਰ ਗਰੋਹ ਦੇ ਤਿੰਨ ਮੈਂਬਰਾਂ ਪ੍ਰਗਟ ਸਿੰਘ, ਕਰਮਜੀਤ ਸਿੰਘ ਉਰਫ਼ ਲੱਕੀ, ਸਤਵੰਤ ਸਿੰਘ ਉਰਫ਼ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਪ੍ਰਗਟ ਸਿੰਘ, ਲਵਪ੍ਰੀਤ ਉਰਫ਼ ਲਵ ਅਤੇ ਨਵਦੀਪ ਸਿੰਘ ਉਰਫ਼ ਬਿੱਲਾ ਨਾਮਜ਼ਦ ਕੀਤੇ ਗਏ ਸਨ। ਪ੍ਰਗਟ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਉਰਫ਼ ਬਿੱਲਾ ਗੱਡੀਆਂ ਖੋਹਣ ਦੀਆਂ ਵਾਰਦਾਤਾਂ ਕਰਦੇ ਸਨ ਅਤੇ ਉਹ ਅੱਗੇ ਕਰਮਜੀਤ ਸਿੰਘ ਉਰਫ਼ ਲੱਕੀ ਅਤੇ ਸਤਵੰਤ ਸਿੰਘ ਉਰਫ਼ ਬਿੱਟੂ ਨੂੰ ਵੇਚ ਦਿੰਦੇ ਸਨ ਜਿਨ੍ਹਾਂ ਦਾ ਇੱਕ ਹੋਰ ਸਾਥੀ ਰਣਜੀਤ ਸਿੰਘ ਵਾਸੀ ਪਿੰਡ ਸ਼ਹਬਿਾਜਪੁਰ ਨਾਲ ਮਿਲ ਕੇ ਚੈਸੀ ਤੇ ਇੰਜਣ ਨੰਬਰ ਟੈਂਪਰ ਕਰ ਕੇ ਅੱਗੇ ਲੋਕਾਂ ਨੂੰ ਵੇਚਦੇ ਸਨ। ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਖੋਹ ਕੀਤੀ ਐਂਡੇਵਰ ਕਾਰ ਸਮੇਤ 8 ਲਗਜ਼ਰੀ ਕਾਰਾਂ ਅਤੇ 1 ਬੁਲਟ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ।