ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਫਰਵਰੀ
ਮੁਹਾਲੀ ਪੁਲੀਸ ਨੇ ਨਵਾਂ ਸ਼ਹਿਰ ਦੀ ਵਸਨੀਕ ਰਾਜਵਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਬੈਸਟ ਕਰੀਅਰ ਇਮੀਗ੍ਰੇਸ਼ਨ ਦੇ ਪ੍ਰਬੰਧਕ ਅਤੇ ਤਿੰਨ ਹੋਰ ਵਿਅਕਤੀਆਂ ਵਿਰੁੱਧ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਧਾਰਾ 406 ਤੇ 420 ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 13 ਅਧੀਨ ਅਪਰਾਧਿਕ ਕੇਸ ਦਰਜ ਕੀਤਾ ਹੈ। ਰਾਜਵਿੰਦਰ ਕੌਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਕੈਨੇਡਾ ਭੇਜਣ ਦੇ ਨਾਂ ’ਤੇ ਉਸ ਨਾਲ ਠੱਗੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਲ 2019 ਵਿੱਚ ਉਹ ਬੈਸਟ ਕੈਰੀਅਰ ਇਮੀਗਰੇਸਨ ਫੇਜ਼-3ਬੀ2 ਦਾ ਅਖ਼ਬਾਰ ਵਿੱਚ ਕੈਨੇਡਾ ਭੇਜਣ ਦਾ ਇਸ਼ਤਿਹਾਰ ਦੇਖ ਕੇ ਆਪਣੇ ਰਿਸ਼ਤੇਦਾਰ ਰਾਜਵੀਰ ਸਿੰਘ ਨਾਲ ਕੰਪਨੀ ਦੇ ਦਫ਼ਤਰ ਆਈ ਸੀ। ਦਫ਼ਤਰ ਵਿੱਚ ਉਸ ਨੂੰ ਜਸਨੂਰ ਕੌਰ ਅਤੇ ਗੁਰਜੋਤ ਕੌਰ ਨਾਂ ਦੀਆਂ ਦੋ ਲੜਕੀਆਂ ਮਿਲੀਆਂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਤੋਂ ਪ੍ਰਤੀ ਵਿਅਕਤੀ 25630 ਰੁਪਏ ਦੇਣ ਲਈ ਕਿਹਾ ਗਿਆ। ਇਸ ਤੋਂ ਬਾਅਦ ਉਸ ਨੇ ਅਤੇ ਉਸਦੇ ਰਿਸ਼ਤੇਦਾਰ ਰਾਜਵੀਰ ਸਿੰਘ ਨੇ ਦੋਵਾਂ ਲੜਕੀਆਂ ਦੀਆਂ ਗੱਲਾਂ ਵਿੱਚ ਆ ਕੇ 1 ਜੂਨ 2019 ਨੂੰ ਜਸਨੂਰ ਕੌਰ ਅਤੇ ਗੁਰਜੋਤ ਕੌਰ ਕੋਲ ਆਪੋ ਆਪਣੇ 25,630 ਰੁਪਏ (ਕੁੱਲ 51260) ਨਗਦ ਜਮ੍ਹਾਂ ਕਰਵਾਏ ਗਏ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ 7,51,060 ਰੁਪਏ ਜਸਨੂਰ ਕੌਰ ਅਤੇ ਗੁਰਜੋਤ ਕੌਰ ਨਾਮੀਂ ਲੜਕੀਆਂ ਕੋਲ ਜਮ੍ਹਾਂ ਕਰਵਾਏ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਪੈਸੇ ਵਾਪਸ ਮੰਗਣ ’ਤੇ ਉਸਦੇ ਭਰਾ ਮਨਿੰਦਰ ਸਿੰਘ ਦੇ ਖਾਤੇ ਵਿੱਚ 4 ਲੱਖ 60 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਗਏ ਜਦਕਿ ਬਾਕੀ ਪੈਸੇ ਮੰਗੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
ਪੁਲੀਸ ਨੇ ਜਾਂਚ ਮਗਰੋਂ ਕੁਲਦੀਪ ਸਿੰਘ, ਜਸਨੂਰ ਕੌਰ, ਗੁਰਜੋਤ ਕੌਰ ਅਤੇ ਅਜੈ ਸ਼ਰਮਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਡੀਐੱਸਪੀ (ਡੀ) ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੁਲਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਸੰਮਨ ਭੇਜ ਕੇ ਰਿਕਾਰਡ ਦਿਖਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।