ਦਰਸ਼ਨ ਸਿੰਘ ਸੋਢੀ
ਮੁਹਾਲੀ, 9 ਦਸੰਬਰ
ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਰੂਪਨਗਰ ਦੇ ਡਵੀਜ਼ਨਲ ਕਮਿਸ਼ਨਰ ਮਨਵੇਸ਼ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਤੋਂ ਗੁਆਂਢੀ ਸੂਬਿਆਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਆਨਲਾਈਨ ਮੀਟਿੰਗ ਕੀਤੀ।
ਮੀਟਿੰਗ ਦਾ ਏਜੰਡਾ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਗੁਆਢੀ ਸੂਬਿਆਂ ਤੋਂ ਚੋਣਾਂ ਦੇ ਅਮਲ ਦੌਰਾਨ ਨਾਜ਼ਾਇਜ਼ ਸ਼ਰਾਬ, ਨਕਦੀ ਅਤੇ ਹਥਿਆਰਾਂ ਦੀ ਆਮਦ ਨੂੰ ਰੋਕਣ ਲਈ ਇਨ੍ਹਾਂ ਸੂਬਿਆਂ ਦੇ ਪ੍ਰਸ਼ਾਸਨ ਤੋਂ ਤਾਲਮੇਲ ਦੀ ਮੰਗ ਸੀ। ਮੀਟਿੰਗ ਵਿੱਚ ਪ੍ਰਮੁੱਖ ਅਧਿਕਾਰੀਆਂ ਵਿੱਚ ਅਰੁਣ ਕੁਮਾਰ ਮਿੱਤਲ ਆਈਜੀ ਪੁਲੀਸ ਰੇਂਜ ਰੂਪਨਗਰ, ਸ੍ਰੀਮਤੀ ਈਸ਼ਾ ਕਾਲੀਆ ਡੀਸੀ ਮੁਹਾਲੀ, ਸ੍ਰੀਮਤੀ ਸੋਨਾਲੀ ਗਿਰੀ ਡੀਸੀ ਰੂਪਨਗਰ, ਵਿਸ਼ੇਸ਼ ਸਾਰੰਗਲ ਡੀਸੀ ਐਸ.ਬੀ.ਐਸ.ਨਗਰ, ਸ੍ਰੀ ਵਿਵੇਕਸ਼ੀਲ ਸੋਨੀ ਐਸਐਸਪੀ ਰੂਪਨਗਰ, ਸ੍ਰੀਮਤੀ ਕੰਵਰਦੀਪ ਕੌਰ ਐੱਸਐੱਸਪੀ ਐਸ.ਬੀ.ਐਸ.ਨਗਰ, ਸ੍ਰੀਮਤੀ ਕੋਮਲ ਮਿੱਤਲ ਏਡੀਸੀ ਮੁਹਾਲੀ, ਵਜ਼ੀਰ ਸਿੰਘ ਐਸਪੀ (ਡੀ) ਤੋਂ ਇਲਾਵਾ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਸ੍ਰੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਦੀਆਂ ਹੱਦਾਂ ਹਰਿਆਣਾ ਰਾਜ ਦੇ ਅੰਬਾਲਾ ਅਤੇ ਪੰਚਕੂਲਾ ਜ਼ਿਲ੍ਹੇ, ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਅਤੇ ਯੂਟੀ ਚੰਡੀਗੜ੍ਹ ਨਾਲ ਲੱਗਦੀਆਂ ਹਨ। ਇਸੇ ਤਰ੍ਹਾਂ ਮੀਟਿੰਗ ਦੌਰਾਨ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੀਆਂ ਸਰਹੱਦਾਂ ਹਿਮਾਚਲ ਪ੍ਰਦੇਸ਼ ਦੇ ਸੋਲਨ, ਬਿਲਾਸਪੁਰ ਅਤੇ ਊਨਾ ਜ਼ਿਲ੍ਹਿਆਂ ਨਾਲ ਲੱਗਦੀਆਂ ਹਨ, ਜਿਸ ਕਾਰਨ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਇਨ੍ਹਾਂ ਦੋਵਾਂ ਰਾਜਾਂ ਵੱਲੋਂ ਨਜ਼ਦੀਕੀ ਤਾਲਮੇਲ ਅਤੇ ਸਾਂਝੇ ਅਪਰੇਸ਼ਨ ਦੀ ਲੋੜ ਹੈ।