ਦਰਸ਼ਨ ਸਿੰਘ ਸੋਢੀ
ਮੁਹਾਲੀ, 28 ਮਾਰਚ
ਇਥੋਂ ਦੇ ਫੇਜ਼-11 ਵਿੱਚ ਕੋਵਿਡ ਨਿਯਮਾਂ ਦੀ ਸ਼ਰ੍ਹੇਆਮ ਉਲੰਘਣਾ ਕਰਨ ਦੇ ਦੋਸ਼ ਵਿੱਚ ਮੁਹਾਲੀ ਪੁਲੀਸ ਨੇ ‘ਵਾਕਿੰਗ ਸਟਰੀਟ ਕਲੱਬ’ (ਨਾਈਟ ਕਲੱਬ) ਦੇ ਮਾਲਕ ਸਾਜਨ ਮਹਾਜਨ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਹੈ। ਕਲੱਬ ਮਾਲਕ ਫ਼ਰਾਰ ਹੈ, ਜਦੋਂਕਿ ਕਲੱਬ ਵਿੱਚ ਮੌਜੂਦ ਕਰੀਬ 30 ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ। ਦੇਰ ਰਾਤ ਥਾਣਾ ਫੇਜ਼-11 ਦੇ ਪੁਲੀਸ ਕਰਮਚਾਰੀ ਪੰਜਾਬ ਮੰਡੀ ਬੋਰਡ ਨੇੜੇ ਲਾਲ ਬੱਤੀ ਚੌਕ ਉੱਤੇ ਤਾਇਨਾਤ ਸਨ ਕਿ ਇਸ ਦੌਰਾਨ ਪੁਲੀਸ ਨੂੰ ਤਕਰੀਬਨ ਸਵਾ 2 ਵਜੇ ਸੂਚਨਾ ਮਿਲੀ ਕਿ ਵਾਕਿੰਗ ਸਟਰੀਟ ਕਲੱਬ ਖੁੱਲ੍ਹਾ ਹੈ ਅਤੇ ਉੱਥੇ ਕਾਫ਼ੀ ਜ਼ਿਆਦਾ ਵਿਅਕਤੀ ਇਕੱਠੇ ਹਨ। ਕਲੱਬ ਵਿੱਚ ਹੁੱਕਾ ਵੀ ਚੱਲ ਰਿਹਾ ਹੈ। ਡੀਐੱਸਪੀ ਦੀਪ ਕਮਲ ਅਤੇ ਥਾਣਾ ਫੇਜ਼-11 ਦੇ ਜਗਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਕਰਮਚਾਰੀਆਂ ਨੇ ਕਲੱਬ ਵਿੱਚ ਛਾਪੇਮਾਰੀ ਕੀਤੀ ਗਈ। ਪ੍ਰਬੰਧਕਾਂ ਨੇ ਨਾਈਟ ਕਲੱਬ ਦਾ ਮੁੱਖ ਗੇਟ ਨੂੰ ਬੰਦ ਕੀਤਾ ਹੋਇਆ ਸੀ ਅਤੇ ਪਿਛਲੇ ਦਰਵਾਜ਼ੇ ਰਾਹੀਂ ਲੋਕਾਂ ਨੂੰ ਕਲੱਬ ਵਿੱਚ ਦਾਖ਼ਲਾ ਕਰਵਾ ਕੇ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਸਨ। ਪੁਲੀਸ ਦੀ ਇਸ ਕਾਰਵਾਈ ਦੀ ਭਿਣਕ ਪੈਂਦੇ ਹੀ ਕਲੱਬ ਮਾਲਕ ਸਾਜਨ ਮਹਾਜਨ ਮੌਕੇ ਤੋਂ ਫ਼ਰਾਰ ਦੱਸਿਆ ਗਿਆ ਹੈ। ਪੁਲੀਸ ਨੇ ਉੱਥੇ ਹਾਜ਼ਰ 30 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਆਂਦਾ ਗਿਆ।