ਦਰਸ਼ਨ ਸਿੰਘ ਸੋਢੀ
ਮੁਹਾਲੀ, 26 ਅਗਸਤ
ਮੁਹਾਲੀ ਨਗਰ ਨਿਗਮ ਨੇ ਕਾਫੀ ਸਮੇਂ ਤੋਂ ਮੁਅੱਤਲੀ ਅਧੀਨ ਚੱਲ ਰਹੇ ਬਹੁ-ਚਰਚਿਤ ਇੰਸਪੈਕਟਰ ਕੇਸਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ। ਇਹ ਫੈਸਲਾ ਅੱਜ ਬਾਅਦ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਕੇਸਰ ਸਿੰਘ ਖ਼ਿਲਾਫ਼ ਦੋਸ਼ ਹਨ ਕਿ ਉਸ ਨੇ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਅੰਜਾਮ ਨਹੀਂ ਦਿੱਤਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕੀਤੀ। ਇਸ ਸਬੰਧੀ ਤਿੰਨ ਕੌਂਸਲਰਾਂ ਰਜਿੰਦਰ ਸਿੰਘ ਰਾਣਾ, ਜਸਬੀਰ ਸਿੰਘ ਮਣਕੂ ਤੇ ਬਲਜੀਤ ਕੌਰ ‘ਤੇ ਆਧਾਰਤ ਪੜਤਾਲੀਆਂ ਕਮੇਟੀ ਨੇ ਮੁੱਢਲੀ ਜਾਂਚ ਤੋਂ ਬਾਅਦ ਕਰਮਚਾਰੀ ਦੇ ਖ਼ਿਲਾਫ਼ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕੀਤੀ ਸੀ।
ਮੀਟਿੰਗ ਦੀ ਸ਼ੁਰੂਆਤ ਪਿਛਲੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਮਾਤਾ ਰਾਜਿੰਦਰ ਕੌਰ ਬੇਦੀ, ਕੌਂਸਲਰ ਚਰਨ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ। ਇਕ ਹੋਰ ਅਹਿਮ ਮਤੇ ਰਾਹੀਂ ਸਮੂਹ ਮੇਅਰ, ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਮੇਤ ਸਮੂਹ ਕੌਂਸਲਰਾਂ ਦੀ ਤਨਖ਼ਾਹ ਵਿੱਚ ਵਾਧਾ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਬਿਨਾਂ ਟਾਇਲਟ ਬਲਾਕਾਂ ਦੀ ਸੰਭਾਲ ਸਬੰਧਤ ਮਤੇ ਵੀ ਪਾਸ ਕਰ ਦਿੱਤੇ ਗਏ ਜੋ ਵੱਖ ਵੱਖ ਜ਼ੋਨਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਟੈਂਡਰ ਨਾ ਹੋਣ ਕਾਰਨ ਪਿਛਲੇ ਠੇਕੇਦਾਰਾਂ ਨੂੰ ਹੀ ਥੋੜ੍ਹੇ ਸਮੇਂ ਲਈ ਕੰਮ ਅੱਗੇ ਵੀ ਦੇ ਦਿੱਤਾ ਗਿਆ ਹੈ।