ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਜੂਨ
‘ਕਾਇਆਕਲਪ ਸਵੱਛ ਭਾਰਤ’ ਮੁਹਿੰਮ ਅਧੀਨ ਹੋਏ ਮੁਕਾਬਲੇ ਵਿੱਚ ਮੁਹਾਲੀ ਦਾ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਪੰਜਾਬ ਭਰ ’ਚੋਂ ਦੂਜੇ ਸਥਾਨ ’ਤੇ ਆਇਆ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਨੋਡਲ ਅਫ਼ਸਰ ਡਾ. ਵਿਕਰਾਂਤ ਨਾਗਰਾ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਜ਼ਿਲ੍ਹਾ ਹਸਪਤਾਲ ਨੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ। ਇਸ ਤੋਂ ਇਲਾਵਾ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਪੰਜਾਬ ਭਰ ’ਚੋਂ 9ਵੇਂ ਅਤੇ ਸਬ-ਡਵੀਜ਼ਨਲ ਹਸਪਤਾਲ ਖਰੜ 12ਵੇਂ ਨੰਬਰ ’ਤੇ ਆਏ ਹਨ। ਜ਼ਿਲ੍ਹਾ ਹਸਪਤਾਲ ਮੁਹਾਲੀ ਨੂੰ ਮੁਕਾਬਲੇ ਵਿੱਚ 84.1, ਡੇਰਾਬੱਸੀ ਹਸਪਤਾਲ ਨੂੰ 75.5 ਅਤੇ ਖਰੜ ਹਸਪਤਾਲ ਨੂੰ 73.7 ਫੀਸਦੀ ਅੰਕ ਮਿਲੇ ਹਨ। ਕਮਿਊਨਿਟੀ ਹੈਲਥ ਸੈਂਟਰ ਵਰਗ ਵਿੱਚ ਬਨੂੜ ਨੇ 73.1, ਢਕੌਲੀ ਨੇ 73.1 ਫੀਸਦੀ, ਲਾਲੜੂ ਨੇ 73 ਫੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ ’ਚੋਂ ਕ੍ਰਮਵਾਰ 24ਵਾਂ, 25ਵਾਂ ਤੇ 26ਵਾਂ ਸਥਾਨ ਹਾਸਲ ਕੀਤਾ ਹੈ। ਡਾ. ਆਦਰਸ਼ਪਾਲ ਕੌਰ ਨੇ ਇਸ ਪ੍ਰਾਪਤੀ ਲਈ ਸਿਹਤ ਅਧਿਕਾਰੀਆਂ ਅਤੇ ਸਟਾਫ਼ ਦੀ ਸ਼ਲਾਘਾ ਕੀਤੀ। ਇਨ੍ਹਾਂ ਸੰਸਥਾਵਾਂ ਨੂੰ ਟਰਾਫ਼ੀ ਦੇ ਨਾਲ 50 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤਕ ਦੀ ਰਾਸ਼ੀ ਦਿੱਤੀ ਜਾਵੇਗੀ ਜੋ ਹਸਪਤਾਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਖ਼ਰਚੀ ਜਾਵੇਗੀ। ਇਸ ਤੋਂ ਇਲਾਵਾ ਸਮੁੱਚੀ ਕਾਇਆਕਲਪ ਟੀਮ ਨੂੰ ਨਿੱਜੀ ਤੌਰ ’ਤੇ ਮਾਣ-ਭੱਤਾ ਵੀ ਦਿੱਤਾ ਜਾਵੇਗਾ।