ਦਰਸ਼ਨ ਸਿੰਘ ਸੋਢੀ
ਮੁਹਾਲੀ, 30 ਜੁਲਾਈ
‘ਤੰਦਰੁਸਤ ਪੰਜਾਬ’ ਮਿਸ਼ਨ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨੇ ਬਲੌਂਗੀ ਪੁਲੀਸ ਦੇ ਸਹਿਯੋਗ ਨਾਲ ਅੱਜ ਤੜਕੇ ਸਵੇਰੇ ਵੱਡੀ ਕਾਰਵਾਈ ਕਰਦਿਆਂ ਬਲੌਂਗੀ ਨਜ਼ਦੀਕ ਟੈਂਪੂ ਨੂੰ ਰੋਕ ਕੇ ਉਸ ’ਚੋਂ 6 ਕੁਇੰਟਲ 80 ਕਿੱਲੋ ਕਥਿਤ ਮਿਲਾਵਟੀ ਪਨੀਰ ਬਰਾਮਦ ਕੀਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਰਾਹੀਂ ਸ਼ਿਕਾਇਤ ਮਿਲੀ ਸੀ ਕਿ ਹਰਿਆਣਾ ਤੋਂ ਬੜਮਾਜਰਾ ਵਿੱਚ ਕਥਿਤ ਮਿਲਾਵਟੀ ਪਨੀਰ ਦੀ ਸਪਲਾਈ ਹੋ ਰਹੀ ਹੈ, ਜੋ ਅੱਗੇ ਦੁਕਾਨਾਂ ਵਿੱਚ ਵੇਚਿਆ ਜਾ ਰਿਹਾ ਹੈ। ਇਹ ਮਾਮਲਾ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੇ ਧਿਆਨ ਵਿੱਚ ਲਿਆ ਕੇ ਸਿਹਤ ਵਿਭਾਗ ਦੀ ਜਾਂਚ ਟੀਮ ਨੇ ਅੱਜ ਤੜਕੇ ਬੜਮਾਜਰਾ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸਿਹਤ ਵਿਭਾਗ ਤੇ ਪੁਲੀਸ ਦੀ ਸਾਂਝੀ ਟੀਮ ਨੇ ਸ਼ੱਕ ਦੇ ਆਧਾਰ ’ਤੇ ਇਕ ਟੈਂਪੂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਟੈਂਪੂ ’ਚੋਂ 680 ਕਿੱਲੋ ਪਨੀਰ ਬਰਾਮਦ ਕੀਤਾ ਗਿਆ, ਜਿਸ ਦੀ ਕੀਮਤ ਡੇਢ ਲੱਖ ਰੁਪਏ ਬਣਦੀ ਹੈ। ਟੈਂਪੂ ਚਾਲਕ ਅਨੁਸਾਰ ਉਹ ਹਰਿਆਣਾ ਤੋਂ ਪਨੀਰ ਲਿਆ ਕੇ ਬੜਮਾਜਰਾ ਵਿੱਚ ਵੇਚਣ ਲਈ ਜਾ ਰਿਹਾ ਸੀ। ਡਾ. ਸੁਭਾਸ਼ ਮੁਤਾਬਕ ਪਨੀਰ ਨੂੰ ਜ਼ਬਤ ਕਰਕੇ ਸੈਂਪਲ ਫੂਡ ਸੇਫ਼ਟੀ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੈਂਪਲ ਦੀ ਜਾਂਚ ਰਿਪੋਰਟ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਚੈਕਿੰਗ ਟੀਮ ਵਿੱਚ ਫੂਡ ਸੇਫ਼ਟੀ ਅਫ਼ਸਰ ਰਵੀਨੰਦਨ ਗੋਇਲ, ਲਵਪ੍ਰੀਤ ਸਿੰਘ ਸ਼ਾਮਲ ਸਨ।