ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 6 ਦਸੰਬਰ
ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਅਤੇ ਝੁੱਗੀ ਝੋਪੜੀ ਇਲਾਕਿਆਂ ਵਿੱਚ ਸਿਹਤ ਸਹੂਲਤਾਂ ਪੁੱਜਦੀਆਂ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਦਾਅਵਾ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡ ਜਗਤਪੁਰਾ ਵਿੱਚ ਸਿਹਤ ਵਿਭਾਗ ਵੱਲੋਂ 32 ਲੱਖ 52 ਹਜ਼ਾਰ ਰੁਪਏ ਨਾਲ ਉਸਾਰੇ ਜਾਣ ਵਾਲੇ ਸਿਹਤ ਤੇ ਤੰਦਰੁਸਤੀ ਕੇਂਦਰ (ਹੈਲਥ ਵੈੱਲਨੈੱਸ ਸੈਂਟਰ) ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਸ੍ਰੀ ਸਿੱਧੂ ਨੇ ਦੱਸਿਆ ਕਿ ਸਿਹਤ ਤੇ ਤੰਦਰੁਸਤ ਕੇਂਦਰਾਂ ਵਿੱਚ ਦਿਲ ਦੇ ਮਰੀਜ਼ਾਂ, ਸ਼ੂਗਰ, ਮੂੰਹ, ਛਾਤੀ ਜਾਂ ਸਰਵਾਈਕਲ ਦੇ ਕੈਂਸਰ ਦੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਂਦੀ ਅਤੇ ਦਿਲ ਦੇ ਰੋਗਾਂ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਵੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਨੇ ਸਿਹਤ ਤੇ ਵੈੱਲਨੈੱਸ ਸੈਂਟਰਾਂ ਵਿੱਚ ਟੈਲੀ ਮੈਡੀਸਨ ਦੀ ਵੀ ਸ਼ੁਰੂਆਤ ਕੀਤੀ ਅਤੇ ਸੈਕਟਰ-11, ਚੰਡੀਗੜ੍ਹ ਵਿੱਚ 4 ਮੈਡੀਕਲ ਅਫ਼ਸਰਾਂ ਨਾਲ ਟੈਲੀ ਮੈਡੀਸਨ ਦਾ ਮੁੱਖ ਕੇਂਦਰ ਸਥਾਪਤ ਕੀਤਾ ਗਿਆ। ਇਸ ਪਹਿਲਕਦਮੀ ਤਹਿਤ ਇਨ੍ਹਾਂ ਕੇਂਦਰ ਦਾ ਸੀਐੱਚਓ (ਕਮਿਊਨਿਟੀ ਹੈਲਥ ਅਫ਼ਸਰ) ਵੀਡੀਓ ਕਾਲਿੰਗ ਰਾਹੀਂ ਮੁੱਖ ਕੇਂਦਰ ਦੇ ਮੈਡੀਕਲ ਅਫ਼ਸਰਾਂ ਦੇ ਸੰਪਰਕ ਵਿੱਚ ਰਹਿੰਦਾ ਹੈ। ਸਰਪੰਚ ਰਣਜੀਤ ਸਿੰਘ ਗਿੱਲ ਨੇ ਪਿੰਡ ਨੇੜਿਓਂ ਲੰਘਦੇ ਗੰਦੇ ਨਾਲੇ ਦੇ ਪਾਣੀ ਨਾਲ ਪ੍ਰਦੂਸ਼ਿਤ ਹੋ ਰਹੇ ਪਾਣੀ ਦੀ ਸਮੱਸਿਆ ਬਾਰੇ ਦੱਸਦਿਆਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ। ਸ੍ਰੀ ਸਿੱਧੂ ਨੇ ਮੌਕੇ ’ਤੇ ਹੀ ਭਰੋਸਾ ਦਿੱਤਾ ਕਿ ਇਸ ਸਬੰਧੀ ਉਹ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਇਸ ਸਮੱਸਿਆ ਦਾ ਢੁਕਵਾਂ ਹੱਲ ਲੱਭਣਗੇ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਪਿੰਡ ਵਿੱਚ 1200 ਫੁੱਟ ਡੂੰਘਾ ਨਵਾਂ ਟਿਊਬਵੈੱਲ ਲਗਾਇਆ ਜਾਵੇਗਾ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਜੀਨੀਅਰ ਕਰਨਦੀਪ ਸਿੰਘ ਚਾਹਲ ਨੇ ਦੱਸਿਆ ਕਿ ਇਹ ਸਿਹਤ ਤੇ ਤੰਦਰੁਸਤ ਕੇਂਦਰ 6 ਮਹੀਨੇ ਵਿੱਚ ਤਿਆਰ ਕਰ ਲਿਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਅਨ ਰਾਜਿੰਦਰ ਸਿੰਘ, ਪੀਐਚਸੀ ਘੜੂੰਆਂ ਦੇ ਐਸਐਮਓ ਡਾ. ਕੁਲਜੀਤ ਕੌਰ, ਸੀਨੀਅਰ ਕਾਂਗਰਸ ਆਗੂ ਜੀਐਸ ਰਿਆੜ ਸਮੇਤ ਪੰਚਾਇਤ ਮੈਂਬਰ ਅਤੇ ਪਤਵੰਤੇ ਮੌਜੂਦ ਸਨ।