ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਮਈ
‘ਸਵੱਛ ਭਾਰਤ ਮੁਹਿੰਮ’ ਤਹਿਤ ਚਲਾਏ ਜਾ ਰਹੇ ਕਾਇਆ-ਕਲਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਹਸਪਤਾਲ ਮੁਹਾਲੀ ਨੇ ਪੰਜਾਬ ਭਰ ’ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਜ਼ਿਲ੍ਹੇ ਦੀਆਂ ਅੱਠ ਹੋਰ ਸਰਕਾਰੀ ਸਿਹਤ ਸੰਸਥਾਵਾਂ ਨੇ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਇਹ ਵੱਕਾਰੀ ਰੁਤਬੇ ਹਾਸਲ ਹੋਣ ’ਤੇ ਕੇਕ ਕੱਟ ਕੇ ਖ਼ੁਸ਼ੀ ਮਨਾਉਂਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਅਧੀਨ ਹਰ ਸਾਲ ਸਿਹਤ ਸੰਸਥਾਵਾਂ ਨੂੰ ਕਈ ਪੈਮਾਨਿਆਂ ’ਤੇ ਜਾਚਿਆ ਜਾਂਦਾ ਹੈ, ਜਿਨ੍ਹਾਂ ਵਿਚ ਮੁੱਖ ਤੌਰ ’ਤੇ ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਪਾਰਕ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਹਸਪਤਾਲ ਦਾ ਸਮੁੱਚਾ ਵਾਤਾਵਰਨ ਸ਼ਾਮਲ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਮਾਨਿਆਂ ‘ਤੇ ਜ਼ਿਲ੍ਹਾ ਹਸਪਤਾਲ ਨੇ 100 ’ਚੋਂ 80.2 ਫੀਸਦੀ ਅੰਕ ਹਾਸਲ ਕੀਤੇ ਹਨ। ਮੁੱਢਲਾ ਸਿਹਤ ਕੇਂਦਰਾਂ ਦੀ ਸ਼੍ਰੇਣੀ ਵਿੱਚ ਪੀਐਚਸੀ ਬੂਥਗੜ੍ਹ ਨੇ 81 ਫੀਸਦੀ ਅੰਕ ਹਾਸਲ ਕਰਕੇ ਜ਼ਿਲ੍ਹੇ ਭਰ ’ਚੋਂ ਪਹਿਲਾ ਅਤੇ ਪੰਜਾਬ ਭਰ ’ਚੋਂ ਅੱਠਵਾਂ ਸਥਾਨ ਸਥਾਨ ਮੱਲਿਆ ਹੈ। ਇਸੇ ਤਰ੍ਹਾਂ ਖਰੜ ਸਬ-ਡਵੀਜ਼ਨਲ ਹਸਪਤਾਲ ਨੇ 81.1 ਫੀਸਦੀ ਅੰਕਾਂ ਨਾਲ ਪੰਜਾਬ ਭਰ ਵਿਚੋਂ 10ਵਾਂ ਸਥਾਨ ਅਤੇ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਨੇ 76.3 ਅੰਕਾਂ ਨਾਲ 17ਵਾਂ ਸਥਾਨ ਹਾਸਲ ਕੀਤਾ ਹੈ। ਕਮਿਊਨਿਟੀ ਹੈਲਥ ਸੈਂਟਰ ਸ਼੍ਰੇਣੀ ਵਿੱਚ ਲਾਲੜੂ ਅਤੇ ਢਕੋਲੀ ਦੇ ਹਸਪਤਾਲਾਂ ਨੇ 77.30 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ’ਚੋਂ 34ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸ਼ਹਿਰੀ ਮੁੱਢਲਾ ਸਿਹਤ ਕੇਂਦਰ ਦੀ ਸ਼੍ਰੇਣੀ ਵਿੱਚ ਮਜਾਤ ਅਤੇ ਮੁੱਲਾਂਪੁਰ ਗਰੀਬਦਾਸ ਦੇ ਸਿਹਤ ਕੇਂਦਰਾਂ ਨੇ ਪੰਜਾਬ ਭਰ ’ਚੋਂ ਕ੍ਰਮਵਾਰ ਚੌਥਾ ਅਤੇ 12ਵਾਂ ਸਥਾਨ ਮੱਲਿਆ ਹੈ। ਹੈਲਥ ਐਂਡ ਵੈਲਨੈਥ ਕੇਂਦਰ ਸਨੇਟਾ ਨੂੰ 74 ਫੀਸਦੀ ਅੰਕਾਂ ਨਾਲ ਪੰਜਾਬ ਭਰ ’ਚੋਂ ਚੌਥਾ ਸਥਾਨ ਮਿਲਿਆ ਹੈ।
ਬੂਥਗੜ੍ਹ ਦਾ ਸਰਕਾਰੀ ਹਸਪਤਾਲ ਮੁਹਾਲੀ ਜ਼ਿਲ੍ਹੇ ’ਚੋਂ ਅੱਵਲ
ਕੁਰਾਲੀ (ਪੱਤਰ ਪ੍ਰੇਰਕ): ਇਸ ਮੁਹਿੰਮ ’ਚ ਬੂਥਗੜ੍ਹ ਦੇ ਪ੍ਰਾਇਮਰੀ ਹੈਲਥ ਸੈਂਟਰ (ਹਸਪਤਾਲ) ਨੇ ਜ਼ਿਲ੍ਹਾ ਮੁਹਾਲੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਹਸਪਤਾਲ ਪੰਜਾਬ ਭਰ ਵਿੱਚੋਂ ਅੱਠਵੇਂ ਸਥਾਨ ’ਤੇ ਰਿਹਾ ਹੈ। ਸਿਵਲ ਹਸਪਤਾਲ ਦੇ ਐਸਐਮਓ ਡਾ: ਜਸਕਿਰਨਦੀਪ ਕੌਰ ਤੇ ਕਾਇਆਕਲਪ ਪ੍ਰੋਗਰਾਮ ਨੋਡਲ ਅਫ਼ਸਰ ਡਾ. ਅਰੁਣ ਬਾਂਸਲ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰਾਂ ਦੀ ਸ਼੍ਰੇਣੀ ਵਿਚ ਪੀਐਚਸੀ ਬੂਥਗੜ੍ਹ ਨੇ 81 ਅੰਕ ਹਾਸਲ ਕੀਤੇ ਹਨ। ਐਸਐਮਓ ਨੇ ਦੱਸਿਆ ਕਿ ਇਸ ਪ੍ਰਾਪਤੀ ਦਾ ਸਿਹਰਾ ਹਸਪਤਾਲ ਦੇ ਸਮੁੱਚੇ ਸਟਾਫ਼ ਨੂੰ ਜਾਂਦਾ ਹੈ।