ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 25 ਅਗਸਤ
ਮੁਹਾਲੀ ਅਦਾਲਤ ਨੇ ਟ੍ਰਾਈਸਿਟੀ ਦੇ ਮਸ਼ਹੂਰ ਮੈਗਾ ਹਾਊਸਿੰਗ ਗਰੁੱਪ ਸੰਨੀ ਐਨਕਲੇਵ ਦੇ ਮੈਨੇਜਿੰਗ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਨੂੰ ਰਾਹਤ ਦਿੰਦਿਆਂ ਧੋਖਾਧੜੀ ਦੇ ਦੋ ਮਾਮਲਿਆਂ ਵਿੱਚ ਜ਼ਮਾਨਤ ਮਨਜ਼ੂਰ ਕਰ ਲਈ ਹੈ। ਬਾਜਵਾ ’ਤੇ ਆਪਣੇ ਮੈਗਾ ਹਾਊਸਿੰਗ ਪ੍ਰਾਜੈਕਟਾਂ ਵਿੱਚ ਸ਼ਿਕਾਇਤਕਰਤਾਵਾਂ ਨੂੰ ਪੈਸੇ ਲੈ ਕੇ ਪਲਾਟ ਨਾ ਦੇਣ ਦਾ ਦੋਸ਼ ਹੈ। ਇਸ ਸਬੰਧੀ ਉਸ ਖ਼ਿਲਾਫ਼ ਖਰੜ ਥਾਣੇ ਵਿੱਚ ਧਾਰਾ 406 ਤੇ 420 ਤਹਿਤ ਕੇਸ ਦਰਜ ਹੈ, ਜਦੋਂਕਿ ਧੋਖਾਧੜੀ ਦੇ ਇਕ ਮਾਮਲੇ ਵਿੱਚ ਬਾਜਵਾ ਨੂੰ ਧਾਰਾ 120ਬੀ ਅਧੀਨ ਨਾਮਜ਼ਦ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਬਾਜਵਾ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਸ ਨੂੰ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਭੇਜਣ ਦੀ ਬਜਾਏ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਬਣਾਏ ਗਏ ਵਿਸ਼ੇਸ਼ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤਾ ਗਿਆ। ਕਲੋਨਾਈਜਰ ਜਰਨੈਲ ਬਾਜਵਾ ਨੇ ਆਪਣੇ ਵਕੀਲ ਰਣਜੀਤ ਸਿੰਘ ਰਾਏ ਰਾਹੀਂ ਮੁਹਾਲੀ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਅੱਜ ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐੱਸ ਰਾਏ ਦੀ ਅਦਾਲਤ ਵਿੱਚ ਬਾਜਵਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਈ।