ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 28 ਜੂਨ
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ ਨਗਰ ਨਿਗਮ ਦੀ ਹੱਦ ਵਧਾਉਣ ਸਮੇਤ ਪਾਰਕਾਂ ਵਿੱਚ ਸਥਾਪਤ ਲਾਇਬ੍ਰੇਰੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਹਵਾਲੇ ਕਰਨ, ਮੁਹਾਲੀ ਵਿਚਲੇ ਖੇਡ ਸਟੇਡੀਅਮ ਗਮਾਡਾ ਤੋਂ ਟੇਕਓਵਰ ਕਰਨ ਅਤੇ ਜਲ ਸਪਲਾਈ ਦਾ ਸਾਰਾ ਕੰਮ ਆਪਣੇ ਅਧੀਨ ਲੈਣ ਸਬੰਧੀ ਮਤੇ ਪਾਸ ਕੀਤੇ ਗਏ।
ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-91, ਸੈਕਟਰ-92, ਸੈਕਟਰ-82, ਸੈਕਟਰ-66 ਏ, ਸੈਕਟਰ-74, ਪਿੰਡ ਬਲੌਂਗੀ, ਬੜਮਾਜਰਾ, ਬਰਿਆਲੀ ਨੂੰ ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਟੀਡੀਆਈ ਸਿਟੀ ਦੇ ਸੈਕਟਰ-116, 117, 118, 119, ਫੇਜ਼-11 ਦੀ ਬਲਕ ਮਾਰਕੀਟ ਨੂੰ ਵੀ ਨਿਗਮ ਅਧੀਨ ਲਿਆਂਦਾ ਜਾਵੇਗਾ। ਜੀਤੀ ਸਿੱਧੂ ਨੇ ਕਿਹਾ ਕਿ ਪਾਰਕਾਂ ਵਿੱਚ ਬਣੀਆਂਂ ਲਾਇਬ੍ਰੇਰੀਆਂ ਬੰਦ ਪਈਆਂ ਹਨ। ਲਿਹਾਜ਼ਾ ਲੋਕਾਂ ਨੂੰ ਸਾਹਿਤ ਨਾਲ ਜੋੜਨ ਲਈ ਇਨ੍ਹਾਂ ਲਾਇਬ੍ਰੇਰੀਆਂ ਦਾ ਪ੍ਰਬੰਧ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ। ਇਸ ਬਦਲੇ ਐਸੋਸੀਏਸ਼ਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਫੇਜ਼-11, ਸੈਕਟਰ-68, ਸੈਕਟਰ 71, ਫੇਜ਼ 7 ਅਤੇ ਫੇਜ਼ 5 ਵਿਚਲੇ ਗਮਾਡਾ ਦੇ ਖੇਡ ਸਟੇਡੀਅਮ ਨਿਗਮ ਅਧੀਨ ਲੈਣ ਦਾ ਮਤਾ ਪਾਸ ਕੀਤਾ ਗਿਆ। ਫਿਲਹਾਲ ਇਨ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਜਾਰੀ ਹੈ। ਮੀਟਿੰਗ ਵਿੱਚ ਨਿਗਮ ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਤੇ ਲਵਾਰਸ ਕੁੱਤਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਡੌਗ ਨੀਤੀ ਅਡਾਪਟ ਕਰਨ ਅਤੇ ਕੁਝ ਹੋਰ ਮਤੇ ਪਾਸ ਕੀਤੇ ਗਏ ਹਨ।