ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 27 ਜਨਵਰੀ
ਭਾਜਪਾ ਨੇ ਮੁਹਾਲੀ ਤੋਂ ਸ਼ਹਿਰ ਦੇ ਉੱਘੇ ਸਨਅਤਕਾਰ ਅਤੇ ਭਾਜਪਾ ਪੰਜਾਬ ਦੇ ਕਾਰਜਕਾਰਨੀ ਦੇ ਮੈਂਬਰ ਸੰਜੀਵ ਵਸ਼ਿਸ਼ਟ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਸ ਸੀਟ ਤੋਂ ਪੰਜਾਬ ਲੋਕ ਕਾਂਗਰਸ ਦਾ ਉਮੀਦਵਾਰ ਖੜ੍ਹਾ ਕਰਨਾ ਚਾਹੁੰਦੇ ਸਨ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪਾਰਟੀ ਦੇ ਜਨਰਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਕਾਫ਼ੀ ਸਮੇਂ ਤੋਂ ਹਲਕੇ ਵਿੱਚ ਸੰਭਾਵੀ ਉਮੀਦਵਾਰ ਵਜੋਂ ਵਿਚਰ ਰਹੇ ਸੀ ਅਤੇ ਰੋਜ਼ਾਨਾ ਨੁੱਕੜ ਮੀਟਿੰਗਾਂ ਕਰ ਰਹੇ ਸਨ ਪਰ ਭਾਜਪਾ ਨੇ ਅੱਜ ਸੰਜੀਵ ਵਸ਼ਿਸ਼ਟ ਨੂੰ ਟਿਕਟ ਦੇ ਕੇ ਸਾਰੀਆਂ ਕਿਆਸ-ਆਰਾਈਆਂ ਨੂੰ ਵਿਰਾਮ ਲਗਾ ਦਿੱਤਾ ਹੈ। ਮੁਹਾਲੀ ਜ਼ਿਲ੍ਹੇ ਵਿੱਚ ਭਾਜਪਾ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜ ਰਹੀ ਹੈ। ਇਸ ਤੋਂ ਪਹਿਲਾਂ ਹਮੇਸ਼ਾ ਮੁਹਾਲੀ ਤੋਂ ਅਕਾਲੀ ਦਲ ਦਾ ਉਮੀਦਵਾਰ ਚੋਣ ਲੜਦਾ ਸੀ।
ਇਸ ਮੌਕੇ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਸਮੇਤ ਮੁਹਾਲੀ ਦਾ ਜ਼ਮੀਨੀ ਪੱਧਰ ’ਤੇ ਵਿਕਾਸ ਕੀਤਾ ਜਾਵੇਗਾ।
ਅਕਾਲੀ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ: ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਬੈਦਵਾਨ ਨੇ ਅੱਜ ਮੁਹਾਲੀ ਦੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਉਨ੍ਹਾਂ ਦੀ ਪਤਨੀ ਤੇ ਆਜ਼ਾਦ ਕੌਂਸਲਰ ਬੀਬੀ ਹਰਜਿੰਦਰ ਕੌਰ ਸੋਹਾਣਾ ਨੇ ਬਤੌਰ ਕਵਰਿੰਗ ਉਮੀਦਵਾਰ ਪੇਪਰ ਭਰੇ ਹਨ। ਇਸ ਤੋਂ ਪਹਿਲਾਂ ਸ੍ਰੀ ਬੈਦਵਾਨ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਨਤਮਸਤਕ ਹੋਏ।