ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਸਤੰਬਰ
ਆਮ ਲੋਕਾਂ ਨੂੰ ਕਾਨੂੰਨ ਅਤੇ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲੀਸ ਅਧਿਕਾਰੀ ਖ਼ੁਦ ਅਣਜਾਣ ਬਣ ਕੇ ਸ਼ਰ੍ਹੇਆਮ ਸਰਕਾਰੀ ਨੇਮਾਂ ਦੀ ਉਲੰਘਣਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਅਤੇ ਪੰਜਾਬ ਪੁਲੀਸ ਵੱਲ ਨਗਰ ਨਿਗਮ ਦੀ ਕਰੋੜਾਂ ਰੁਪਏ ਦੀ ਦੇਣਦਾਰੀ ਖੜ੍ਹੀ ਹੈ ਪਰ ਸਬੰਧਤ ਅਦਾਰਿਆਂ ਦੇ ਅਧਿਕਾਰੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਬਜਾਇ ਟਾਲਾ ਵੱਟ ਕੇ ਡੰਗ ਟਪਾਉਂਦੇ ਆ ਰਹੇ ਹਨ। ਜਾਣਕਾਰੀ ਅਨੁਸਾਰ ਮੁਹਾਲੀ ਵਿੱਚ ਸਥਿਤ ਪੰਜਾਬ ਪੁਲੀਸ ਦੇ ਵੱਖ-ਵੱਖ ਦਫ਼ਤਰਾਂ ਨੇ ਹੁਣ ਤੱਕ ਪ੍ਰਾਪਰਟੀ ਟੈਕਸ ਦੇ ਰੂਪ ਵਿੱਚ ਨਗਰ ਨਿਗਮ ਨੂੰ ਇੱਕ ਧੇਲਾ ਵੀ ਨਹੀਂ ਦਿੱਤਾ ਹੈ ਜਿਸ ਕਾਰਨ ਇਹ ਰਾਸ਼ੀ ਵਧ ਕੇ ਹੁਣ ਕਰੀਬ 1.25 ਕਰੋੜ ਹੋ ਗਈ ਹੈ।
ਇਸ ਸਬੰਧੀ ਨਗਰ ਨਿਗਮ ਦਫ਼ਤਰ ਵੱਲੋਂ ਐੱਸਐੱਸਪੀ ਰਾਹੀਂ ਡੀਜੀਪੀ ਪੰਜਾਬ ਨੂੰ ਅਣਗਿਣਤ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ ਪਰ ਹੁਣ ਤੱਕ ਪੁਲੀਸ ਦੇ ਕਿਸੇ ਦਫ਼ਤਰ ਵੱਲੋਂ ਸਬੰਧਤ ਇਮਾਰਤ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ। ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ। ਡੀਸੀ ਦਫ਼ਤਰ ਵੱਲ 15 ਲੱਖ ਦੀ ਦੇਣਦਾਰੀ ਹੈ।
ਗਮਾਡਾ ਵੱਲੋਂ ਆਪਣੇ ਦਫ਼ਤਰ ਦਾ ਪ੍ਰਾਪਰਟੀ ਟੈਕਸ ਦਿੱਤਾ ਜਾ ਰਿਹਾ ਹੈ ਪਰ ਗਮਾਡਾ ਸ਼ਹਿਰ ਵਿੱਚ ਬਣਾਏ ਗਏ ਵੱਖ-ਵੱਖ ਖੇਡ ਸਟੇਡੀਅਮਾਂ- ਅੰਤਰਰਾਸ਼ਟਰੀ ਹਾਕੀ ਸਟੇਡੀਅਮ ਫੇਜ਼-9, ਪੰਜਾਬ ਓਲੰਪੀਅਨ ਭਵਨ ਅਤੇ ਸੈਕਟਰ-78 ਸਥਿਤ ਮਲਟੀਪਰਪਜ਼ ਖੇਡ ਸਟੇਡੀਅਮ ਸਮੇਤ ਬਾਕੀ ਖੇਡ ਸਟੇਡੀਅਮਾਂ ਦੀਆਂ ਇਮਾਰਤਾਂ ਦਾ 2018 ਤੋਂ ਹੁਣ ਤੱਕ ਦਾ ਬਣਦਾ ਕਰੀਬ 6 ਕਰੋੜ ਰੁਪਏ ਟੈਕਸ ਜਮ੍ਹਾਂ ਨਹੀਂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੇ ਸਿਵਲ ਸਰਜਨ ਦਫ਼ਤਰ ਦੀ ਇਮਾਰਤ ਦਾ 15 ਲੱਖ ਰੁਪਏ ਪ੍ਰਾਪਰਟੀ ਟੈਕਸ ਨਹੀਂ ਦਿੱਤਾ ਹੈ। ਸੈਕਟਰ 69 ਸਥਿਤ ਐਕਸਾਈਜ਼ ਤੇ ਟੈਕਸੇਸ਼ਨ ਦਫ਼ਤਰ ਦੀ ਇਮਾਰਤ ਦਾ ਲਗਪਗ 10 ਲੱਖ ਰੁਪਏ ਨਹੀਂ ਦਿੱਤਾ ਗਿਆ। ਇੰਜ ਹੀ ਬੰਦ ਪਈ ਜੇਸੀਟੀ ਫੈਕਟਰੀ ਦਾ 60 ਲੱਖ ਰੁਪਏ ਟੈਕਸ ਵੀ ਜਮ੍ਹਾਂ ਹੋਣ ਤੋਂ ਰਹਿੰਦਾ ਹੈ।
30 ਸਤੰਬਰ ਤੱਕ ਟੈਕਸ ਜਮ੍ਹਾਂ ਕਰਵਾਇਆ ਜਾ ਸਕਦੈ: ਕਮਿਸ਼ਨਰ
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਦੱਸਿਆ ਕਿ ਸਾਲ 2021-22 ਵਿੱਚ ਪ੍ਰਾਪਰਟੀ ਟੈਕਸ ਤੋਂ 28 ਕਰੋੜ ਰੁਪਏ ਆਮਦਨ ਹੋਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਅਪਰੈਲ ਤੋਂ ਹੁਣ ਤੱਕ 9 ਕਰੋੜ ਵਸੂਲੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 30 ਸਤੰਬਰ ਤੱਕ 10 ਫ਼ੀਸਦੀ ਰਬਿੇਟ ਨਾਲ ਟੈਕਸ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਰਕਾਰੀ ਅਦਾਰਿਆਂ ਵੱਲ ਮੋਟੀ ਰਕਮ ਬਕਾਇਆ ਖੜ੍ਹੀ ਹੈ, ਉਨ੍ਹਾਂ ਨੂੰ ਨਵੇਂ ਸਿਰਿਓਂ ਯਾਦ ਪੱਤਰ ਲਿਖ ਕੇ ਪ੍ਰਾਪਰਟੀ ਟੈਕਸ ਦੀ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਿਹਾ ਜਾਵੇਗਾ।