ਦਰਸ਼ਨ ਸਿੰਘ ਸੋਢੀ
ਮੁਹਾਲੀ, 9 ਜੁਲਾਈ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਸਿਹਤ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁਹਾਲੀ ਵਿੱਚ ਸਿਆਸੀ ਤਾਣੇ-ਬਾਣੇ ਦੀ ਅਜੀਬੋ ਗਰੀਬ ਸਥਿਤੀ ਬਣੀ ਹੋਈ ਹੈ। ਭਾਵੇਂ ਸ਼ਹਿਰ ਦੇ ਕਾਂਗਰਸੀ ਕੌਂਸਲਰ, ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਹਨ ਪਰ ਉਹ ਅੱਜ ਵੀ ਵਿਕਾਸ ਦੇ ਮੁੱਦੇ ’ਤੇ ਭਾਜਪਾ ਦੇ ਮੇਅਰ ਜੀਤੀ ਸਿੱਧੂ ਨਾਲ ਹਨ।
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਖ਼ਫ਼ਾ ਆਗੂਆਂ ਨੇ ਅੱਜ ਕਾਂਗਰਸ ਪ੍ਰਧਾਨ ਨੂੰ ਖ਼ਰੀਆਂ ਖ਼ਰੀਆਂ ਸੁਣਾਈਆਂ। ਮੁਹਾਲੀ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ। ਸਿੱਧੂ ਭਰਾਵਾਂ ਦੇ ਸਮਰਥਕ ਅਤੇ ਜ਼ਿਆਦਾਤਰ ਕਾਂਗਰਸੀ ਕੌਂਸਲਰਾਂ ਨੇ ਜੈਕਾਰੇ ਛੱਡ ਕੇ ਜੀਤੀ ਸਿੱਧੂ, ਸੋਮਲ ਅਤੇ ਬੇਦੀ ਦੇ ਹੱਕ ਵਿੱਚ ਇਕਜੁੱਟਤਾ ਪ੍ਰਗਟਾਉਂਦੇ ਹੋਏ ਸ਼ਹਿਰ ਦੇ ਵਿਕਾਸ ਅਤੇ ਨਗਰ ਨਿਗਮ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ।
ਸਮੂਹ ਕੌਂਸਲਰਾਂ ਨੇ ਇਕਸੁਰ ਵਿੱਚ ਕਿਹਾ ਕਿ ਪਾਰਟੀ ਜੇ ਉਨ੍ਹਾਂ ਨੂੰ ਵੀ ਕੱਢਣਾ ਚਾਹੇ ਤਾਂ ਕੱਢ ਦੇਵੇ ਪਰ ਉਹ ਭਾਜਪਾ ਦੇ ਮੇਅਰ ਜੀਤੀ ਸਿੱਧੂ ਦੇ ਖ਼ਿਲਾਫ਼ ਨਹੀਂ ਜਾਣਗੇ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਸਮੂਹ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਸ਼ਹਿਰ ਦੇ ਸਰਬਪੱਖੀ ਵਿਕਾਸ ਅਤੇ ਮੁਹਾਲੀ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਕਮਲਪ੍ਰੀਤ ਸਿੰਘ ਬਨੀ, ਪਰਮਜੀਤ ਸਿੰਘ ਹੈਪੀ, ਗੁਰਚਰਨ ਸਿੰਘ ਭੰਮਰਾ, ਕੁਲਬੀਰ ਸਿੰਘ, ਰੁਪਿੰਦਰ ਕੌਰ ਰੀਨਾ, ਸੁੱਚਾ ਸਿੰਘ ਕਲੌੜ, ਨਮਰਿਤਾ ਢਿੱਲੋਂ, ਜਸਬੀਰ ਸਿੰਘ ਮਣਕੂ, ਇੰਦਰਜੀਤ ਸਿੰਘ ਢਿੱਲੋਂ, ਅਨੁਰਾਧਾ ਆਨੰਦ, ਜਤਿੰਦਰ ਆਨੰਦ, ਬਲਬੀਰ ਸਿੰਘ, ਬਲਰਾਜ ਕੌਰ ਧਾਲੀਵਾਲ, ਗਗਨ ਧਾਲੀਵਾਲ, ਕੁਲਵਿੰਦਰ ਸੰਜੂ, ਪ੍ਰਮੋਦ ਮਿੱਤਰਾ, ਵਿਨੀਤ ਮਲਿਕ, ਨਵਜੋਤ ਸਿੰਘ ਵਾਛਲ, ਪਿੰਕਾ, ਗੁਰਸਾਹਿਬ ਸਿੰਘ, ਮਨਜੀਤ ਕੌਰ, ਪਰਵਿੰਦਰ ਕੌਰ, ਕੁਲਜਿੰਦਰ ਕੌਰ, ਕੁਲਵੰਤ ਕੌਰ, ਹਰਪ੍ਰੀਤ ਕੌਰ ਭੰਮਰਾ, ਹਰਵਿੰਦਰ ਕੌਰ, ਸੁਮਨ ਬਾਲਾ, ਗੁਰਪ੍ਰੀਤ ਕੌਰ, ਜਗਦੀਸ਼ ਸਿੰਘ ਜੱਗਾ, ਰਵਿੰਦਰ ਸਿੰਘ, ਲਖਮੀਰ ਸਿੰਘ, ਮਾਸਟਰ ਚਰਨ ਸਿੰਘ, ਨਰਾਇਣ ਸਿੰਘ ਸਿੱਧੂ, ਦਵਿੰਦਰ ਕੌਰ ਵਾਲੀਆ, ਨਛੱਤਰ ਸਿੰਘ ਨੰਬਰਦਾਰ, ਮੀਨਾ ਕੌਂਡਲ, ਅਸ਼ੋਕ ਕੌਡਲ, ਹਰਜੀਤ ਭੋਲੂ ਸਮੇਤ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਮੇਤ ਕੁਝ ਹੋਰਨਾਂ ਕੌਂਸਲਰਾਂ ਅਤੇ ਕਾਂਗਰਸੀ ਆਗੂਆਂ ਨੇ ਵੀ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਫੋਨ ਕਰਕੇ ਕਿਹਾ ਕਿ ਉਹ ਮੁਹਾਲੀ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਪੂਰਨ ਸਮਰਥਨ ਹੈ।