ਆਤਿਸ਼ ਗੁਪਤਾ
ਚੰਡੀਗੜ੍ਹ, 21 ਅਗਸਤ
ਮੁੱਖ ਅੰਸ਼
- ਹਾਈ ਅਲਰਟ ਦੌਰਾਨ ਚੰਡੀਗੜ੍ਹ ਵਿੱਚ ਸੁਰੱਖਿਆ ਪ੍ਰਬੰਧ ਕੀਤੇ ਮਜ਼ਬੂਤ
- ਵੀਵੀਆਈਪੀ ਫੇਰੀ ਤੋਂ ਪਹਿਲਾਂ ਜਾਂਚ ਮੁਹਿੰਮ ਪੁਲੀਸ ਵੱਲੋਂ ਰੁਟੀਨ ਦੀ ਕਾਰਵਾਈ ਕਰਾਰ
ਨਿਊ ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਹੈ। ਪੁਲੀਸ ਵੱਲੋਂ ਸ਼ਹਿਰ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੁਲੀਸ ਵੱਲੋਂ ਅੱਜ ਸੈਕਟਰ-43 ਅਤੇ 17 ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੀਆਂ ਹੋਰਨਾਂ ਭੀੜ ਵਾਲੀਆਂ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਸੂਤਰਾਂ ਅਨੁਸਾਰ ਖੁਫ਼ੀਆਂ ਏਜੰਸੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿਊ ਚੰਡੀਗੜ੍ਹ ਫੇਰੀ ਤੋਂ ਪਹਿਲਾਂ ਚੰਡੀਗੜ੍ਹ ਤੇ ਮੁਹਾਲੀ ਦੇ ਬੱਸ ਅੱਡਿਆਂ ’ਤੇ ਅਤਿਵਾਦੀ ਹਮਲੇ ਦੀਆਂ ਖ਼ਬਰਾਂ ਮਿਲੀਆਂ ਹਨ ਜਿਸ ਕਾਰਨ ਸ਼ਹਿਰ ਵਿੱਚ ਚੌਕਸੀ ਵਧਾਈ ਗਈ ਹੈ। ਇਸੇ ਦੌਰਾਨ ਚੰਡੀਗੜ੍ਹ ਪੁਲੀਸ ਨੇ ਇਸ ਚੈਕਿੰਗ ਮੁਹਿੰਮ ਨੂੰ ਰੁਟੀਨ ਦੀ ਕਾਰਵਾਈ ਦੱਸਿਆ ਹੈ। ਪੁਲੀਸ ਨੇ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ ਲਈ ਸੜਕਾਂ ’ਤੇ ਨਾਕਾਬੰਦੀ ਵੀ ਕੀਤੀ ਹੈ। ਸੂਹੀਆ ਕੁੱਤਿਆਂ ਦੀ ਮਦਦ ਨਾਲ ਪੁਲੀਸ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਸਮੇਂ-ਸਮੇਂ ’ਤੇ ਸ਼ਹਿਰ ਵਿੱਚ ਸਰਚ ਅਪਰੇਸ਼ਨ ਚਲਾਏ ਜਾਂਦੇ ਹਨ ਤਾਂ ਜੋ ਨਸ਼ਾ ਤਸਕਰ ਅਤੇ ਸਮਾਜਿਕ ਵਿਰੋਧੀ ਅਨਸਰਾਂ ਨੂੰ ਕਾਬੂ ਕੀਤਾ ਜਾ ਸਕੇ।
ਪ੍ਰਧਾਨ ਮੰਤਰੀ 24 ਨੂੰ ਕੈਂਸਰ ਹਸਪਤਾਲ ਦਾ ਕਰਨਗੇ ਉਦਘਾਟਨ: ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊ ਚੰਡੀਗੜ੍ਹ ਵਿੱਚ ਬਣੇ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਲਈ 24 ਅਗਸਤ ਨੂੰ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਫਰੀਦਾਬਾਦ ਵੀ ਜਾਣਗੇ। ਪ੍ਰਧਾਨ ਮੰਤਰੀ ਦੀ ਫੇਰੀ ਦੀਆਂ ਤਿਆਰੀਆਂ ਲਈ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਖੁਫ਼ੀਆ ਵਿੰਗ ਵੱਲੋਂ ਸੁਰੱਖਿਆ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਸਿੱਖ ਫਾਰ ਜਸਟਿਸ ਵਰਗੀਆਂ ਜਥੇਬੰਦੀਆਂ ਵੱਲੋਂ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨ ਅਤੇ ਹੋਰਨਾਂ ਭੀੜ ਵਾਲੀਆਂ ਥਾਵਾਂ ’ਤੇ ਅੱਜ ਚੈਕਿੰਗ ਮੁਹਿੰਮ ਚਲਾਈ ਹੈ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਨੂੰ ਕੁਝ ਰੁਕਾਵਟਾਂ ਕਰਕੇ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਵੀ ਪ੍ਰਧਾਨ ਮੰਤਰੀ ਪੰਜਾਬ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਹੁਣ ਕੇਂਦਰ ਅਤੇ ਪੰਜਾਬ ਦੀਆਂ ਖੁਫੀਆਂ ਏਜੰਸੀਆਂ ਸੁਰੱਖਿਆ ਪ੍ਰਬੰਧਾਂ ਸਬੰਧੀ ਚੌਕਸ ਹੋ ਗਈਆਂ ਹਨ।
ਪਿੰਡ ਫਿਰੋਜਪੁਰ ਬੰਗਰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨੇੜਲੇ ਪਿੰਡ ਫਿਰੋਜ਼ਪੁਰ ਬੰਗਰ ਵਿੱਚ ਬਣੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਦਾ ਉਦਘਾਟਨ ਕਰਨ ਲਈ 24 ਅਗਸਤ ਨੂੰ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਜ਼ਿਲਾ ਪ੍ਰਸ਼ਾਸਨ ਤੇ ਹਸਪਤਾਲ ਪ੍ਰਬੰਧਕਾਂ ਨੇ ਹਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੌਰਾਨ ਪਿੰਡ ਫਿਰੋਜਪੁਰ ਬੰਗਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੁੱਲਾਂਪੁਰ ਗਰੀਬਦਾਸ ਤੋਂ ਸਿੱਸਵਾਂ ਟੀ-ਪੁਆਂਇੰਟ ਮਾਜਰਾ ਤੱਕ ਜਾਣ ਵਾਲੀ ਅੱਠ ਕਿਲੋਮੀਟਰ ਲੰਮੀ ਸੜਕ ਨੂੰ ਸਜਾਇਆ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ, ਮੁੱਲਾਂਪੁਰ ਜ਼ੋਨ ਦੇ ਡੀਐੱਸਪੀ ਧਰਮਵੀਰ ਸਿੰਘ, ਥਾਣਾ ਮੁਖੀ ਸਤਿੰਦਰ ਸਿੰਘ ਅਨੁਸਾਰ ਹਸਪਤਾਲ ਨੇੜੇ ਦੋ ਕਿੱਲੋਮੀਟਰ ਚੁਫੇਰੇ ਤੱਕ ਲੋਕਾਂ ਦੀ ਆਵਾਜਾਈ ਫਿਲਹਾਲ ਬੰਦ ਹੈ। ਅੱਜ ਸ਼ਾਮ ਜ਼ਿਲਾ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੀਟਿੰਗ ਕਰਦਿਆਂ ਪੁਲੀਸ ਕਰਮਚਾਰੀਆਂ ਦੀ ਡਿਊਟੀਆਂ ਲਗਾ ਦਿੱਤੀਆਂ ਹਨ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਇਸ ਹਸਪਤਾਲ ਦਾ ਨੀਂਹ ਪੱਥਰ 30 ਦਸੰਬਰ 2013 ਨੂੰ ਤਤਕਾਲੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਰੱਖਿਆ ਸੀ। ਇਸ ਪ੍ਰਾਜੈਕਟ ਲਈ ਕਰੀਬ 480 ਕਰੋੜ ਰੁਪਏ ਦੀ ਗਰਾਂਟ ਵੀ ਰਿਲੀਜ਼ ਕਰਵਾਈ ਸੀ। ਇਸ ਪ੍ਰਾਜੈਕਟ ਲਈ ਗਮਾਡਾ ਨੇ ਪਿੰਡ ਫਿਰੋਜਪੁਰ ਬੰਗਰ ਦੀ 55 ਏਕੜ ਜ਼ਮੀਨ ਐਕੂਆਇਰ ਕੀਤੀ ਸੀ।
ਨਿਊ ਚੰਡੀਗੜ੍ਹ ਇਲਾਕੇ ’ਚ ਡਰੋਨ ਉਡਾਉਣ ’ਤੇ ਪਾਬੰਦੀ
ਮੁਹਾਲੀ (ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਦੀ ਫੇਰੀ ਦੇ ਮੱਦੇਨਜ਼ਰ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਮੈਡੀਸਿਟੀ ਨਿਊ ਚੰਡੀਗੜ੍ਹ (ਮੁੱਲਾਂਪੁਰ ਗਰੀਬਦਾਸ) ਅਤੇ ਉਸ ਦੇ ਆਸਪਾਸ ਦੋ ਕਿੱਲੋਮੀਟਰ ਦੇ ਘੇਰੇ ਨੂੰ ‘ਨੋ ਫਲਾਇੰਗ ਜ਼ੋਨ’ ਐਲਾਨ ਦਿੱਤਾ ਹੈ। ਇਸ ਸਮਾਗਮ ਵਿੱਚ ਵੀਵੀਆਈਪੀਜ਼ ਸ਼ਮੂਲੀਅਤ ਕਰਨਗੇ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਵੱਲੋਂ 24 ਅਗਸਤ ਤੱਕ ਇਸ ਇਲਾਕੇ ਵਿੱਚ ਡਰੋਨ ਉਡਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਐਤਵਾਰ ਨੂੰ ਦੇਰ ਸ਼ਾਮ ਜਾਰੀ ਤਾਜ਼ਾ ਹੁਕਮਾਂ ਤਹਿਤ ਸਮਾਗਮ ਵਾਲੀ ਥਾਂ ਨਿਊ ਚੰਡੀਗੜ੍ਹ ਅਤੇ ਇਸ ਦੇ ਆਲੇ-ਦੁਆਲੇ ਡਰੋਨ ਅਤੇ ਰਿਮੋਟ ਕੰਟਰੋਲ ਮਾਈਕਰੋ ਲਾਈਟ ਏਅਰ ਕਰਾਫ਼ਟ ਵਰਗੇ ਯੰਤਰ ਚਲਾਉਣ ਉੱਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਹਥਿਆਰ ਅਤੇ ਗੋਲਾ-ਬਾਰੂਦ ਲਿਜਾਉਣ ’ਤੇ ਰੋਕ ਲਗਾਈ ਗਈ ਹੈ। ਮਹਿਮਾਨਾਂ ਅਤੇ ਆਮ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਕ ਤਰਫਾ ਹੁਕਮ ਜਾਰੀ ਕਰਦਿਆ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਅੱਜ ਤੋਂ 24 ਅਗਸਤ ਤੱਕ ਡਰੋਨ ਉਡਾਉਣ ਉੱਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 24 ਅਗਸਤ ਤੱਕ ਸਮੁੱਚੇ ਮੁਹਾਲੀ ਜ਼ਿਲ੍ਹੇ ਅੰਦਰ ਸਖ਼ਤੀ ਨਾਲ ਲਾਗੂ ਰਹਿਣਗੇ।