ਆਤਿਸ਼ ਗੁਪਤਾ
ਚੰਡੀਗੜ੍ਹ, 4 ਜੂਨ
ਦਸੰਬਰ ਤੋਂ ਸ਼ੁਰੂ ਹੋ ਕੇ ਕੁਝ ਸਮੇਂ ਵਿੱਚ ਹੀ ਮਹਾਮਾਰੀ ਦਾ ਰੂਪ ਧਾਰ ਚੁੱਕੇ ਕਰੋਨਾਵਾਇਰਸ ਦੇ ਫੈਲਾਅ ਨੂੰ ਦੇਸ਼ ਵਿੱਚ ਰੋਕਣ ਲਈ ਮੋਦੀ ਸਰਕਾਰ ਨੇ ਅਹਿਮ ਭੂਮਿਕਾ ਨਿਭਾਈ ਹੈ ਤੇ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲਿਆਂ ਦੀ ਵਿਸ਼ਵ ਪੱਧਰ ’ਤੇ ਸ਼ਲਾਘਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਵਿੱਚ ਸਭ ਤੋਂ ਪਹਿਲਾਂ ਲੌਕਡਾਊਨ ਕਰਦਿਆਂ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਅਤੇ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ 20 ਲੱਖ ਕਰੋੜ ਦਾ ਪੈਕੇਜ ਜਾਰੀ ਕਰਕੇ ਹਰ ਵਰਗ ਦਾ ਸਾਥ ਨਿਭਾਇਆ ਹੈ। ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਸੈਕਟਰ-33 ’ਚ ਸਥਿਤ ‘ਕਮਲਮ’ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਸ੍ਰੀ ਮੋਦੀ ਨੇ ਲੋਕ ਸਭਾ ਚੋਣਾਂ 2019 ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿੱਚੋਂ ਕਈ ਵਾਅਦੇ ਪਹਿਲੇ ਸਾਲ ਵਿੱਚ ਹੀ ਪੂਰੇ ਕਰ ਦਿੱਤੇ ਸਨ। ਇਨ੍ਹਾਂ ਵਾਅਦਿਆਂ ਵਿੱਚ ਕਸ਼ਮੀਰ ਵਿੱਚੋਂ ਧਾਰਾ 370 ਨੂੰ ਖਤਮ ਕਰਨਾ, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਊਣਾ ਸ਼ਾਮਲ ਹਨ। ਊਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਵਿਸ਼ਵ ਭਰ ਵਿੱਚ ਕੀਤੇ ਦੌਰਿਆਂ ਦੇ ਚਲਦਿਆਂ ਅੱਜ ਭਾਰਤ ਵਿਸ਼ਵ ’ਚ 6ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਗਿਆ ਹੈ ਅਤੇ ਪੀਪੀਪੀ ਪੈਮਾਨੇ ’ਤੇ ਤੀਜੀ ਵਿਸ਼ਵ ਦੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਕੇ ਹਿੰਦੂ, ਈਸਾਈ, ਬੁੱਧ, ਸਿੱਖ, ਜੈਨ ਅਤੇ ਪਾਰਸੀ ਧਰਮ ਦੇ ਲੋਕਾਂ ਦੀ ਰੱਖਿਆ ਕੀਤੀ ਹੈ। ਊਨ੍ਹਾਂ ਕਿਹਾ ਕਿ ਸਰਕਾਰ ਨੇ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਨਿਰਮਾਣ ਕਰਵਾ ਕੇ ਸਿੱਖ ਸ਼ਰਧਆਲੂਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰ ਦਿੱਤਾ ਹੈ।
ਲੌਕਡਾਊਨ ਦੌਰਾਨ ਕੀਤੇ ਕੰਮਾਂ ਦਾ ਲੇਖਾ-ਜੋਖਾ ਜਾਰੀ
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਅਰੁਣ ਸੂਦ, ਜਨਰਲ ਸਕੱਤਰ ਰਾਮਵੀਰ ਭੱਟੀ ਅਤੇ ਚੰਦਰਸ਼ੇਖਰ ਨੇ ਚੰਡੀਗੜ੍ਹ ਭਾਜਪਾ ਵੱਲੋਂ ਲੌਕਡਾਊਨ ਦੌਰਾਨ ਕੀਤੇ ਗਏ ਕੰਮਾਂ ਦਾ ਪੱਤਰ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ-2 ਦਾ ਇਕ ਸਾਲ ਪੂਰਾ ਹੋਣ ’ਤੇ ਚੰਡੀਗੜ੍ਹ ਭਾਜਪਾ ਦੀ ਤਰਫ਼ੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਦੇ ਨਾਂ ਲਿਖੇ ਪੱਤਰ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸੇ ਤਰ੍ਹਾਂ ਭਾਜਪਾ ਦੀ ਗਤੀਵਿਧੀਆਂ ਨੂੰ ਡਿਜੀਟਲ ਸੰਪਰਕ ਰਾਹੀਂ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਭਾਜਪਾ ਵੱਲੋਂ ਦੇਸ਼ ਭਰ ਵਿੱਚ ਆਨਲਾਈਨ ਰੈਲੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਊੱਘੇ ਆਗੂ ਹਾਜ਼ਰ ਸਨ।