ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 16 ਅਪਰੈਲ
ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ ਦੇ ਵਿਦਿਆਰਥੀਆਂ ਦੇ ਮਾਡਲ ਹੁਣ ਦੇਸ਼ ਭਰ ਵਿੱਚ ਪ੍ਰਦਰਸ਼ਿਤ ਕੀਤੇ ਜਾਣਗੇ ਤਾਂ ਜੋ ਲੀ ਕਾਰਬੂਜ਼ੀਏ ਦੇ ਆਰਕੀਟੈਕਚਰ ਅਤੇ ਘੱਟ ਲਾਗਤ ਨਾਲ ਤਿਆਰ ਇਮਾਰਤਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ। ਇਸ ਕਾਲਜ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਦੀਆਂ 10 ਪ੍ਰਤੀਕਾਤਮਕ ਇਮਾਰਤਾਂ ਦੇ ਮਾਡਲ ਤਿਆਰ ਕੀਤੇ ਹਨ ਜਿਨ੍ਹਾਂ ਦਾ ਜਾਇਜ਼ਾ ਲੈਣ ਲਈ ਫਰਾਂਸ ਦੀ ਟੀਮ 14 ਮਈ ਨੂੰ ਚੰਡੀਗੜ੍ਹ ਆਵੇਗੀ। ਇਸ ਤੋਂ ਇਲਾਵਾ ਕਾਲਜ ਦੀ ਚੰਡੀਗੜ੍ਹ ਵਿੱਚ ਸਥਿਤ ਫਰਾਂਸ ਦੀ ਵਿੱਦਿਅਕ ਸੰਸਥਾ ਨਾਲ ਵੀ ਗੱਲਬਾਤ ਚੱਲ ਰਹੀ ਹੈ ਜੋ ਨਵੀਂ ਦਿੱਲੀ ਵਿੱਚ ਫਰਾਂਸ ਦੂਤਾਵਾਸ ਨਾਲ ਰਾਬਤਾ ਕਾਇਮ ਕਰੇਗੀ।
ਕਾਲਜ ਦੀ ਪ੍ਰਿੰਸੀਪਲ ਡਾ. ਸੰਗੀਤਾ ਬੱਗਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋੋਰਟ, ਚੰਡੀਗੜ੍ਹ ਕਾਲਜ ਆਫ ਆਰਕੀਟੈਕਚਰ-12, ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ, ਸਟੂਡੈਂਟ ਸੈੈਂਟਰ, ਸਰਕਾਰੀ ਮਿਊਜ਼ੀਅਮ ਤੇ ਆਰਟ ਗੈਲਰੀ ਸੈਕਟਰ-10, ਟਾਊਨ ਹਾਲ ਸੈਕਟਰ-17, ਪ੍ਰੈੱਸ ਬਿਲਡਿੰਗ ਸੈਕਟਰ-18 ਅਤੇ ਸੈਕਟਰ-22 ਦੇ ਮਕਾਨਾਂ ਦੀ ਬਣਾਵਟ ਸਬੰਧੀ 10 ਮਾਡਲ ਬਣਾਏ ਹਨ। ਚੰਡੀਗੜ੍ਹ ਨੂੰ ਡਿਜ਼ਾਈਨ ਕਰਨ ਵਾਲੇ ਫਰਾਂਸ ਦੇ ਆਰਕੀਟੈਕਟ ਲੀ ਕਾਰਬੂਜ਼ੀਏ ਸਨ, ਇਸ ਕਰ ਕੇ ਉਨ੍ਹਾਂ ਦੀਆਂ ਇਮਾਰਤਾਂ ਦੇ ਮਾਡਲਾਂ ਨੂੰ ਦਿੱਲੀ ਦੀ ਫਰਾਂਸ ਅੰਬੈਸੀ ਤੇ ਅਹਿਮਦਾਬਾਦ ਲਿਜਾਂਦਾ ਜਾਵੇਗਾ।
ਲੀ ਕਾਰਬੂਜ਼ੀਏ ਨੇ ਅਹਿਮਦਾਬਾਦ ਵਿੱਚ ਵੀ ਕਈ ਇਮਾਰਤਾਂ ਨੂੰ ਡਿਜ਼ਾਈਨ ਕੀਤਾ ਹੈ। ਇਸ ਤੋਂਂ ਇਲਾਵਾ ਇਨ੍ਹਾਂ ਮਾਡਲਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਲਿਜਾਂਦਾ ਜਾਵੇਗਾ।
18 ਮਈ ਨੂੰ ਵਿਸ਼ਵ ਵਿਰਾਸਤ ਦਿਵਸ ’ਤੇ ਪ੍ਰਦਰਸ਼ਿਤ ਹੋਣਗੇ ਮਾਡਲ
ਕਾਲਜ ਆਫ਼ ਆਰਕੀਟੈਕਚਰ 18 ਮਈ ਨੂੰ ਵਿਸ਼ਵ ਵਿਰਾਸਤ ਦਿਵਸ ਮਨਾ ਰਿਹਾ ਹੈ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇੇ। ਪ੍ਰਿੰਸੀਪਲ ਨੇ ਦੱਸਿਆ ਕਿ ਪ੍ਰਤੀਕਾਤਮਕ ਇਮਾਰਤਾਂ ਘੱਟ ਲਾਗਤ ’ਤੇ ਤਿਆਰ ਕੀਤੀਆਂ ਗਈਆਂ ਸਨ ਕਿਉਂਕਿ ਇਨ੍ਹਾਂ ਵਿੱਚ ਉਹੀ ਸਮੱਗਰੀ ਵਰਤੀ ਗਈ ਸੀ ਜੋ ਸਥਾਨਕ ਪੱਧਰ ’ਤੇ ਉਪਲਬਧ ਸੀ। ਕਾਲਜ ਦੇ ਵਿਦਿਆਰਥੀਆਂ ਨੇ ਇਹ ਮਾਡਲ ਬਣਾਉਣ ਲਈ ਪਹਿਲਾਂ ਲੀ ਕਾਰਬੂਜ਼ੀਏ ਆਰਕੀਟੈਕਚਰ ’ਤੇ ਖੋਜ ਕੀਤੀ ਹੈ।